
ਖੰਨਾ (ਪਰਮਜੀਤ ਸਿੰਘ ਧੀਮਾਨ) : ਪੁਲਿਸ ਜ਼ਿਲਾ ਖੰਨਾ ਅਧੀਨ ਪੈਂਦੇ ਪੁਲਸ ਚੌਂਕੀ ਬਰਧਾਲਾਂ ਦੇ ਪਿੰਡ ਕੋਟਲਾ ਭੜੀ ਦੇ ਇੱਕ ਇੱਟਾਂ ਦੇ ਭੱਠੇ ਉਪਰ ਗੋਲੀ ਚੱਲਣ ਨਾਲ ਇਕ ਲੜਕੀ ਸਮੇਤ ਦੋ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਮਨੀਸ਼ਾ ਦੇ ਮਾਤਾ ਪਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿੰਡ ਕੋਟਲਾ ਭੜੀ ’ਚ ਭੱਠਿਆਂ ਉਪਰ ਪਥੇਰ ਦਾ ਕੰਮ ਕਰਦੇ ਹਨ। ਅੱਜ ਦੁਪਹਿਰੇ ਉਨ੍ਹਾਂ ਦੀ ਲੜਕੀ ਮਨੀਸ਼ਾ ਉਮਰ 21 ਸਾਲ ਦਾ ਮੰਗੇਤਰ ਅਜੀਤ ਕੁਮਾਰ ਉਰਫ ਸਨੀ ਕੁਮਾਰ ਉਮਰ ਤਕਰੀਬਨ 22 ਸਾਲ ਪਿੰਡ ਰਸੂਲਪੁਰ ਜਿਲਾ ਮੁਜੱਫਰਨਗਰ ਯੂਪੀ ਦਾ ਰਹਿਣ ਵਾਲਾ ਜੋ ਕਿ ਡਰਾਈਵਰੀ ਕਰਦਾ ਹੈ। ਉਸ ਨੂੰ ਮਿਲਣ ਸਾਡੀਆਂ ਰਿਹਾਇਸ਼ੀ ਕੁੱਲੀਆਂ ਵਿਚ ਪਿੰਡ ਕੋਟਲਾ ਭੜੀ ਵਿਖੇ ਪਹੁੰਚਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਅਜੀਤ ਕੁਮਾਰ ਉਰਫ ਸਨੀ ਕੁਮਾਰ ਆਪਣੀ ਮੰਗੇਤਰ ਮਨੀਸ਼ਾ ਨਾਲ ਗੱਲਬਾਤ ਕਰ ਰਿਹਾ ਸੀ। ਇਸੇ ਦੌਰਾਨ ਮਨੀਸ਼ਾ ਦਾ ਪਿਤਾ ਆਏ ਮਹਿਮਾਨ ਦੇ ਲਈ ਪਿੰਡ ਤੋਂ ਠੰਡੇ ਦੀ ਬੋਤਲ ਲੈਣ ਚਲਾ ਗਿਆ। ਮੌਕਾ ਪਾ ਕੇ ਮਨੀਸ਼ਾ ਦੇ ਮੰਗੇਤਰ ਅਜੀਤ ਕੁਮਾਰ ਉਰਫ ਸਨੀ ਕੁਮਾਰ ਨੇ ਮਨੀਸ਼ਾ ਦੀ ਮਾਤਾ ਨੂੰ ਕਿਹਾ ਕਿ ਤੁਸੀਂ ਬਾਹਰ ਚਲੇ ਜਾਉ ਸਾਨੂੰ ਕੁੱਝ ਆਪਸੀ ਗੱਲਾਂ ਕਰ ਲੈਣ ਦਿਉ। ਮਨੀਸ਼ਾ ਦੀ ਮਾਤਾ ਅਨੁਸਾਰ ਜਦੋਂ ਉਹ ਬਾਹਰ ਨਿਕਲੀ ਕੁੱਝ ਸਮੇਂ ਬਾਅਦ ਹੀ ਗੋਲੀ ਚੱਲਣ ਦੀ ਆਵਾਜ਼ ਆਈ।
ਗੋਲੀ ਦੇ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਹ ਵਾਪਸ ਅੰਦਰ ਗਈ ਤਾਂ ਦੇਖਿਆ ਉਸ ਦੀ ਧੀ ਮਨੀਸ਼ਾ ਖੂਨ ਨਾਲ ਲੱਥਪੱਥ ਜਮੀਨ ’ਤੇ ਡਿੱਗੀ ਪਈ ਸੀ, ਜਿਸਨੂੰ ਦੇਖ ਕੇ ਉਸਨੇ ਬਾਹਰ ਆ ਕੇ ਰੌਲਾ ਪਾ ਦਿੱਤਾ। ਉਸ ਦਾ ਰੌਲਾ ਸੁਣ ਕੇ ਨੇੜੇ ਦੇ ਪਥੇਰ ਕਰਨ ਵਾਲਿਆਂ ਨੇ ਅਜੀਤ ਕੁਮਾਰ ਉਰਫ ਸਨੀ ਕੁਮਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਜੀਤ ਕੁਮਾਰ ਉਰਫ ਸਨੀ ਕੁਮਾਰ ਵੱਲੋਂ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਲੱਗਿਆ। ਦੌੜਨ ਦੀ ਕੋਸ਼ਿਸ਼ ਵਿਚ ਅਜੀਤ ਕੁਮਾਰ ਉਰਫ ਸਨੀ ਕੁਮਾਰ ਨੇ ਕੁੱਝ ਦੂਰ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਦੀ ਸੂਚਨਾ ਭੱਠੇ ਦੇ ਮੁਨਸ਼ੀ ਵੱਲੋਂ ਥਾਣਾ ਸਮਰਾਲਾ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ਉਪਰ ਪਹੁੰਚੇ ਥਾਣਾ ਸਮਰਾਲਾ ਦੇ ਐਸ.ਐਚ.ਓ. ਸੁਰਜੀਤ ਸਿੰਘ, ਥਾਣੇਦਾਰ ਅਮਰੀਕ ਸਿੰਘ, ਪੁਲਿਸ ਚੌਕੀ ਬਰਧਾਲਾਂ ਦੇ ਇੰਚਾਰਜ ਥਾਣੇਦਾਰ ਜਗਵਿੰਦਰ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਮ੍ਰਿਤਕ ਅਜੀਤ ਕੁਮਾਰ ਉਰਫ ਸਨੀ ਕੁਮਾਰ ਦੇ ਮਾਤਾ ਪਿਤਾ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸ ਮੌਕੇ ਪੁਲਿਸ ਚੌਕੀ ਬਰਧਾਲਾਂ ਦੇ ਇੰਚਾਰਜ ਥਾਣੇਦਾਰ ਜਗਵਿੰਦਰ ਸਿੰਘ ਨੇ ਦੱਸਿਆ ਹੈ ਕਿ ਵਾਰਦਾਤ ਲਈ ਅਜੀਤ ਕੁਮਾਰ ਉਰਫ ਸਨੀ ਕੁਮਾਰ ਵੱਲੋਂ ਵਰਤਿਆ ਦੇਸੀ ਕੱਟਾ 315 ਬੋਰ ਵੀ ਬਰਾਮਦ ਕਰ ਲਿਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਅਰੰਭੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ। ਮਨੀਸ਼ਾ ਦੇ ਮਾਤਾ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਲੜਕੀ ਮਨੀਸ਼ਾ ਦੀ ਮੰਗਣੀ ਸਤੰਬਰ 2021 ਵਿਚ ਹੋਈ ਸੀ। ਇਹਨਾਂ ਦੋਵਾਂ ਦੀ ਸ਼ਾਦੀ ਸਾਡੇ ਵੱਲੋਂ ਜੂਨ ਵਿਚ ਤੈਅ ਕੀਤੀ ਗਈ ਸੀ