ਮਾਨਸਾ, 19 ਅਪ੍ਰੈਲ : ਗੁਰਜੰਟ ਸਿੰਘ ਬਾਜੇਵਾਲੀਆ/ਪਿੰਡ ਠੂਠਿਆਂਵਾਲੀ ਜ਼ਿਲਾ ਮਾਨਸਾ ਦਾ ਕਿਸਾਨ ਸਰਬਜੀਤ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਵੱਲੋ ਆਪਣੀ ਜੱਦੀ 15 ਏਕੜ ਜ਼ਮੀਨ ਵਿੱਚੋਂ 12 ਏਕੜ ’ਤੇ 2012 ਤੋ ਲਗਾਤਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਇਹ ਪਿੰਡ ਲਈ ਇੱਕ ਮਿਸਾਲ ਬਣਿਆ ਹੋਇਆ ਹੈ। ਉਨਾਂ ਦੱਸਿਆ ਕਿ ਇਸ ਤਰਾਂ ਕਰਕੇ ਇਸ ਕਿਸਾਨ ਨੇ ਪਹਿਲਾਂ ਹੀ ਟਰੈਕਟਰ ਨਾਲ ਕੱਦੂ ਅਤੇ ਲੇਬਰ ਦੇ ਖਰਚ ਦੀ ਕਰੀਬ 48,000/- ਰੁਪਏ ਦੀ ਬੱਚਤ ਕਰ ਲਈ ਹੈ। ਸਰਬਜੀਤ ਸਿੰਘ ਕਰੀਬ ਚਾਰ ਸਾਲਾਂ ਤੋ ਲਗਾਤਾਰ ਝੋਨੇ ਦੀ ਪਰਾਲ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਪਰਾਲ ਦੀਆਂ ਗੰਢਾਂ ਬਣਾਕੇ ਆਪਣੇ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਪਰਾਲ ਨਾਲ ਚੱਲਣ ਵਾਲੇ ਤਾਪਘਰ ਵਿੱਚ ਭੇਜ ਰਿਹਾ ਹੈ, ਜ਼ੋ ਪਰਾਲ ਖੇਤ ਵਿੱਚ ਬੱਚ ਜਾਦਾ ਹੈ ਉਸਨੂੰ ਲੇਬਰ ਦੀ ਮਦਦ ਨਾਲ ਖੇਤ ਵਿੱਚੋਂ ਬਾਹਰ ਕੱਢ ਦਿੰਦਾ ਹੈ ਤੇ ਜੀਰੋ ਟਿਲ ਡਰਿੱਲ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੰਦਾ ਹੈ।
ਉਨਾਂ ਦੱਸਿਆ ਕਿ ਇਸ ਤੋ ਇਲਾਵਾ ਇਹ ਫਸਲ ਤੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਲੋੜ ਅਨੁਸਾਰ ਕਰਦਾ ਹੈ, ਜਿਸ ਨਾਲ ਫਸਲ ’ਤੇ ਹੋਣ ਵਾਲਾ ਖਰਚਾ ਵੀ ਘੱਟ ਜਾਦਾ ਹੈ। ਇਹ ਕਿਸਾਨ ਸਮੇਂ-ਸਮੇਂ ’ਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲੈਂਦਾ ਰਹਿੰਦਾ ਹੈ। ਇਸ ਕਿਸਾਨ ਨੇ ਪਿਛਲੇ ਸਾਲ ਪਰਾਲ ਨੂੰ ਬਿਨਾ ਅੱਗ ਲਗਾਏ ਬੀਜੀ ਕਣਕ ਤੋ ਕਰੀਬ 22 ਕੁਇੰਟਲ ਝਾੜ ਪ੍ਰਾਪਤ ਕੀਤਾ ਅਤੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਹੈ।
ਇਸ ਤੋਂ ਇਲਾਵਾ ਸਰਬਜੀਤ ਸਿੰਘ ਕੋਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਡਰਿੱਲ ਵੀ ਹੈ ਜਿਸ ਰਾਹੀਂ ਕਿਸਾਨ ਵੱਲੋਂ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ, ਜਿਸ ਰਾਹੀਂ ਉਹ ਆਪਣੀ ਕਮਾਈ ਵਿੱਚ ਵਾਧਾ ਤਾਂ ਕਰਦਾ ਹੀ ਹੈ ਤੇ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਉਹ ਵੀ ਝੋਨੇ ’ਤੇ ਆਉਣ ਵਾਲੇ ਖਰਚੇ ਨੂੰ ਘੱਟ ਕਰਨ ਸਕਣ। ਉਨਾਂ ਦੱਸਿਆ ਕਿ ਇਸ ਸਾਲ ਵੀ ਸਰਬਜੀਤ ਸਿੰਘ ਆਪਣੀ 12 ਏਕੜ ਜ਼ਮੀਨ ਵਿੱਚ ਵਿੱਚ ਝੋਨੇ ਦੀ ਪਰਾਲ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਤਿਆਰ ਹੈ।





