
ਮੋਗਾ 2 ਅਪ੍ਰੈਲ ( ਹਰਪਾਲ ਸਿੰਘ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਆਂ ਵਿੱਚ ਡੀ ਪੀ ਮਾਸਟਰ ਦੇ ਅਹੁਦੇ ਤੇ ਤਾਇਨਾਤ ਪਰਮਜੀਤ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ 44ਵਾਂ ਜਨਮ ਦਿਨ ਖੂਨਦਾਨ ਕਰਕੇ ਮਨਾਇਆ । ਇਸ ਮੌਕੇ ਉਨ੍ਹਾਂ ਵੱਲੋਂ 24ਵੀਂ ਵਾਰ ਖੂਨਦਾਨ ਕੀਤਾ ਗਿਆ। ਇਸ ਮੌਕੇ ਰੂਰਲ ਐੱਨ ਜੀ ਓ ਮੋਗਾ ਅਤੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਉਨ੍ਹਾਂ ਨੂੰ ਬੈਜ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾ ਪਰਮਜੀਤ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਤਾਰੀਫ ਕਰਦਿਆਂ ਕਿਹਾ ਇਹ ਦੋਨੋਂ ਪਤੀ ਪਤਨੀ ਹਰ ਸਾਲ ਆਪਣੇ ਜਨਮ ਦਿਨ ਅਤੇ ਵਿਆਹ ਵਰੇਗੰਢ ਖੂਨਦਾਨ ਕਰਕੇ ਮਨਾਉਂਦੇ ਹਨ, ਜਿਸ ਨਾਲ ਸਮਾਜ ਨੂੰ ਇੱਕ ਵਧੀਆ ਸੁਨੇਹਾ ਜਾਂਦਾ ਹੈ ਤੇ ਹੋਰ ਲੋਕ ਵੀ ਉਨ੍ਹਾਂ ਨੂੰ ਵੇਖ ਕੇ ਉਤਸ਼ਾਹਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮਹਾਨ ਖੂਨਦਾਨੀਆਂ ਨੂੰ ਵੇਖ ਕੇ ਆਪਣੇ ਆਪ ਉਨ੍ਹਾਂ ਦੇ ਸਤਿਕਾਰ ਵਿੱਚ ਸਿਰ ਝੁਕ ਜਾਂਦਾ ਹੈ। ਇਸ ਮੌਕੇ ਮਾ ਪਰਮਜੀਤ ਸਿੰਘ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ਰੀ ਨਹੀਂ ਆਉਂਦੀ ਬਲਕਿ ਸਰੀਰ ਪਹਿਲਾਂ ਨਾਲੋਂ ਵੀ ਜਿਆਦਾ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ ਅਤੇ ਲਗਭਗ 2000 ਰੁਪਏ ਮੁੱਲ ਦੇ ਛੇ ਗੰਭੀਰ ਬਿਮਾਰੀਆਂ ਦੇ ਟੈਸਟ ਬਿਲਕੁਲ ਮੁਫਤ ਹੋ ਜਾਂਦੇ ਹਨ, ਇਸ ਲਈ ਸਾਨੂੰ ਆਪਣੀ ਤੰਦਰੁਸਤੀ ਬਾਰੇ ਜਾਨਣ ਲਈ ਹੀ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਖੂਨਦਾਨ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਪਾਲ ਕੌਰ ਸੀ ਐਚ ਓ, ਸੀਨੀਅਰ ਲੈਬ ਟੈਕਨੀਸ਼ੀਅਨ ਸਟੀਫਨ ਸਿੱਧੂ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।






