
ਖੰਨਾ, 12 ਮਾਰਚ (ਪਰਮਜੀਤ ਸਿੰਘ ਧੀਮਾਨ) -ਹਲਕਾ ਖੰਨਾ ਤੋਂ ਚੋਣ ਲੜੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਕੋਟਲੀ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਮੰਤਰੀ ਕੋਟਲੀ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ ਅਤੇ ਉਨ੍ਹਾਂ ਨੂੰ 20305 ਵੋਟਾਂ ਪਈਆਂ ਜਦੋਂ ਕਿ ਪਿਛਲੀਆਂ 2017 ਚੋਣਾਂ ’ਚ ਕੋਟਲੀ ਨੂੰ 55 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ। ਦੱਸਣਯੋਗ ਹੈ ਕਿ ਹਲਕਾ ਖੰਨਾ ’ਚ 128586 ਵੋਟਾਂ ਪਈਆਂ ਸਨ, ਜਿਸ ਵਿਚੋਂ ਕੋਟਲੀ ਨੂੰ ਮਹਿਜ 20305 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਆਪਣੀ ਜ਼ਮਾਨਤ ਬਚਾਉਣ ਲਈ 21431 ਵੋਟਾਂ ਦੀ ਲੋੜ ਸੀ। ਚੋਣ ਕਮਿਸ਼ਨ ਅਨੁਸਾਰ ਜਦੋਂ ਕੋਈ ਉਮੀਦਵਾਰ ਆਪਣੀ ਸੀਟ ਤੋਂ ਪਈਆਂ ਕੁੱਲ ਵੋਟਾਂ ਦਾ 1/6 ਵੋਟਾਂ ਤੇ 16.66 ਫੀਸਦੀ ਵੋਟ ਹਾਸਲ ਨਹੀਂ ਕਰਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਕੋਟਲੀ ਨੂੰ 15.79 ਫ਼ੀਸਦੀ ਵੋਟਾਂ ਪਈਆਂ, ਜਿਸ ਕਰਕੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਦੱਸਣਯੋਗ ਹੈ ਕਿ ਕੋਟਲੀ ਪੰਜਾਬ ਦੇ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਜਿਸ ਦਾ ਮੁਕਾਬਲਾ ਆਮ ਘਰਾਂ ’ਚੋਂ ਆਏ ਆਪ ਦੇ ਤਰੁਨਪ੍ਰੀਤ ਸਿੰਘ ਸੌਂਦ ਅਤੇ ਅਕਾਲੀ ਦਲ ਦੀ ਜਸਦੀਪ ਕੌਰ ਨਾਲ ਸੀ। ਸੌਂਦ ਨੇ ਯਾਦੂ ਤੇ ਕੋਟਲੀ ਨੂੰ 62425 ਵੋਟਾਂ ਪ੍ਰਾਪਤ ਕਰਕੇ ਵੱਡੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਭਾਜਪਾ ਦੇ ਗੁਰਪ੍ਰੀਤ ਸਿੰਘ ਭੱਟੀ ਦੀ ਵੀ ਜ਼ਮਾਨਤ ਜ਼ਬਤ ਹੋਈ, ਜਿਨ੍ਹਾਂ ਨੂੰ ਸਿਰਫ਼ 12667 ਵੋਟਾਂ ਪਈਆਂ।


