ਫ਼ਤਹਿਗੜ੍ਹ ਸਾਹਿਬ : ਹਲਕਾ ਅਮਲੋਹ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ ਤੇ ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਿਆ।ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿਚ ਸਿੱਖ ਕੌਮ ਲਈ ਅਥਾਹ ਸਤਿਕਾਰ ਹੈ ਜਿਸ ਕਰ ਕੇ ਉਹ ਹਮੇਸ਼ਾ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਸੰਜੀਦਗੀ ਨਾਲ ਫੈਸਲੇ ਕਰਦੇ ਹਨ। ਸਿਰਸਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਉਣ ਵਾਲੇ ਸਮੇਂ ਵਿਚ ਬੰਦੀ ਸਿੰਘਾਂ ਤੇ ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਸੰਭਵ ਯਤਨ ਕਰੇਗੀ ਤੇ ਉਮੀਦ ਹੈ ਕਿ ਜਲਦੀ ਰਿਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਮੌਕਾਪ੍ਰਸਤਾਂ ਨੇ ਹੱਸਦੇ ਵੱਸਦੇ ਪੰਜਾਬ ਨੂੰ 1984 ਵਿਚ ਅੱਗ ਦੀ ਉਸ ਭੱਠੀ ਵਿਚ ਸੁੱਟਣ ਦਾ ਕੰਮ ਕੀਤਾ ਦੀ ਜਿਸ ਦੇ ਜ਼ਖ਼ਮ ਹਾਲੇ ਤਕ ਨਹੀਂ ਭਰੇ। ਇਸ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਤੇ ਸਾਡਾ ਸੂਬਾ ਹੋਰਨਾਂ ਸੂਬਿਆਂ ਤੋਂ ਕਈ ਸਾਲ ਪਿੱਛੇ ਚਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਸਰਕਾਰ ਯਤਨਸ਼ੀਲ ਹੈ।




