ਖੰਨਾ, 2 ਮਾਰਚ (ਪਰਮਜੀਤ ਸਿੰਘ ਧੀਮਾਨ)- ਸਥਾਨਕ ਸਮਰਾਲਾ ਰੋਡ ਸਥਿਤ ਪਿੰਡ ਸਲੌਦੀ ਦੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੋਰੀ ਹੋਣ ਦਾ ਸਮਾਚਾਰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਈ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਦੀਪਕਾ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਹਾਈ ਸਕੂਲ ਦੇ ਜਿੰਦੇ ਤੋੜ ਕੇ ਤਿੰਨ ਐਲ.ਈ.ਡੀ, ਸਪੀਕਰ ਬਕਸੇ, ਚਾਰ ਕੰਪਿਊਟਰ, ਡੀ.ਵੀ.ਆਰ, ਖੇਡਾਂ ਦਾ ਸਮਾਨ ਤੇ ਇਕ ਜੀ.ਓ ਡੌਂਗਲ ਚੋਰੀ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਦੇ ਜ਼ਰੂਰੀ ਦਸਤਾਵੇਜ਼ ਵੀ ਨਾਲ ਲੈ ਗਏ। ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ’ਚੋਂ ਚਾਰ ਐਲ.ਈ.ਡੀ ਚੋਰੀ ਕਰ ਲਈ ਗਈ। ਇਸ ਤੋਂ ਇਲਾਵਾ ਚੋਰਾਂ ਨੇ ਸਿਲੰਡਰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸਕੂਲ ਦੀ ਚਾਰਦੀਵਾਰੀ ਕੋਲ ਹੀ ਛੱਡ ਕੇ ਚਲੇ ਗਏ। ਜਿਸ ਦੀ ਸ਼ਿਕਾਇਤ ਥਾਣਾ ਸਦਰ ਖੰਨਾ ਵਿਖੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।






