
ਖੰਨਾ, 1 ਮਾਰਚ (ਪਰਮਜੀਤ ਸਿੰਘ ਧੀਮਾਨ)- ਅੱਜ ਇੱਥੇ ਸੰਯੁਕਤ ਸਮਾਜ ਮੋਰਚੇ ਦ ਆਗੂ ਸੁਖਵੰਤ ਸਿੰਘ ਟਿੱਲੂ ਅਤੇ ਡਾ. ਗਗਨਦੀਪ ਸਿੰਘ ਯੁਨਾਈਟਿਡ ਸਿੱਖਸ ਨੇ ਭਰੇ ਮਨ ਨਾਲ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੇ ਮੌਜੂਦਾ ਸਰਕਾਰਾਂ ਵੱਲੋਂ ਬੱਚਿਆਂ/ਨੌਜਵਾਨਾਂ ਦੇ ਰੋਜ਼ਗਾਰ ਤੇ ਪੜ੍ਹਾਈ ਦੇ ਸਾਧਨ ਪੈਦਾ ਕੀਤੇ ਹੁੰਦੇ ਤਾਂ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ। ਜਦੋਂ ਤੱਕ ਸਰਕਾਰਾਂ ਨੌਜਵਾਨਾਂ ਵੱਲ ਧਿਆਨ ਨਹੀਂ ਦਿੰਦੀਆਂ, ਦੇਸ਼ ਦੇ ਬੱਚੇ ਇਸੇ ਤਰ੍ਹਾਂ ਹੀ ਕਿਸੇ ਨਾ ਕਿਸੇ ਦੇਸ਼ ਵਿਚ ਜਾ ਕੇ ਫ਼ਸੇ ਰਹਿਣਗੇ। ਉਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਹੀ ਪਤਾ ਕਿ ਉਨ੍ਹਾਂ ’ਤੇ ਕੀ ਬੀਤ ਰਹੀ ਹੋਵੇਗੀ, ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਪੜ੍ਹਾਈ ਕਰਨ ਗਏ ਫਸ ਚੁੱਕੇ ਹਨ ਅਤੇ ਉਨ੍ਹਾਂ ਦੀ ਦਸਾਂ ਨੌਂਹਾਂ ਦੀ ਕਮਾਈ ਜੋ ਉਨ੍ਹਾਂ ਬੱਚਿਆਂ ਦਾ ਭਵਿੱਖ ਬਨਾਉਣ ’ਤੇ ਲਗਾਈ ਸੀ ਬਰਬਾਦ ਹੋ ਗਈ ਹੈ ਅਤੇ ਬੱਚਿਆਂ ਦੀ ਰੱਖਿਆ ਲਈ ਸਰਕਾਰਾਂ ਦੀਆਂ ਵੀ ਮਿੰਨਤਾ ਕਰਨੀਆਂ ਪੈ ਰਹੀਆ ਹਨ। ਅੱਜ ਸਮਾਂ ਵੀ ਭਿਆਨਕ ਹੈ। ਇਸ ਕਾਰਨ 10 ਮਾਰਚ ਨੂੰ ਜਿਹੜੀ ਵੀ ਸਰਕਾਰ ਬਣੇ ਸਭ ਤੋਂ ਪਹਿਲਾ ਨੌਜਵਾਨੀ ਦਾ ਜਿੰਮੇਵਾਰੀ ਨਾਲ ਧਿਆਨ ਰੱਖੇ, ਰੋਜ਼ਗਾਰ ਦੇਵੇ, ਵਧੀਆ ਸਿੱਖਿਆ ਦੇ ਸਾਧਨ ਪ੍ਰਧਾਨ ਕਰੇ ਤਾਂ ਜੋ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕੇ ਅਤੇ ਇਥੇ ਹੀ ਉਨ੍ਹਾਂ ਦਾ ਭਵਿੱਖ ਉਜਵਲ ਹੋ ਸਕੇ। ਵੋਟਾਂ ਤੋਂ ਪਹਿਲਾ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਹਨ, ਪਰ ਜੇਕਰ ਨੌਜਵਾਨੀ ਦੇ ਭਵਿੱਖ ਨੂੰ ਬਚਾਇਆ ਜਾਏ, ਫਿਰ ਹੀ ਉਨ੍ਹਾਂ ਦੀਆਂ ਅਸਲ ਗਾਰੰਟੀਆਂ ਦਾ ਪਤਾ ਲੱਗੇਗਾ।
ਇਸ ਮੌਕੇ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਰੂਸ ਯੁਕਰੇਨ ਜੰਗ ਤੋਂ ਬਾਅਦ ਕਾਲਾਬਜਾਰੀ ਨੇ ਵੀ ਕੰਨ੍ਹ ਚੁੱਕ ਲਏ ਹਨ, ਪ੍ਰੰਤੂ ਸੰਯੁਕਤ ਸਮਾਜ ਮੋਰਚਾ ਕਾਲਾਬਜਾਰੀ ਨਹੀਂ ਕਰਨ ਦੇਵੇਗਾ। ਇਸ ਮੌਕੇ ਡਾ. ਗਗਨਦੀਪ ਸਿੰਘ ਨੇ ਭਰੇ ਮਨ ਇਹ ਗੱਲ ਕਹੀ 2 ਫੀਸਦੀ ਵਾਲੇ ਯੂਕਰੇਨ ਵਿਚ ਵੀ ਲੋਕਾਂ ਦੀ ਸੇਵਾ ਕਰਨ ਲਈ ਯੂਕਰੇਨ ਵਿਚ ਵੀ ਪਹੁੰਚ ਕੇ ਉਥੋਂ ਦੇ ਨਿਵਾਸੀਆਂ ਲਈ ਲੰਗਰ, ਰਹਿਣ, ਸਹਿਣ, ਦਵਾਈਆਂ ਵਾਸਤੇ ਤਨੋ ਮਨੋ ਜੋਰ ਲਗਾਉਣ ਲੱਗੇ ਹੋਏ ਹਨ। ਇਸ ਮੌਕੇ ਦੋਵਾਂ ਹੀ ਆਗੂਆਂ ਨੇ ਯੁਕਰੇਨ ਪੀੜ੍ਹਤਾ ਦੀ ਮਦਦ ਲਈ ਆਪਣਾ ਹੈਲਪਲਾਈਨ ਨੰਬਰ 97722-28088 ਜਾਰੀ ਕੀਤਾ ਹੈ।



