ਖੰਨਾ, 26 ਫਰਵਰੀ (ਪਰਮਜੀਤ ਸਿੰਘ ਧੀਮਾਨ)- ਕਈ ਦਿਨਾਂ ਤੋਂ ਰੂਸ ਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਦੇ ਆਸਾਰ ਹੋਰ ਵੀ ਵੱਧਣ ਦੇ ਚੱਲਦੇ ਉਥੇ ਸਿੱਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਹਨ। ਅਜਿਹੇ ਹਾਲਾਤਾਂ ’ਚ ਮਾਂ ਬਾਪ ਦੀ ਸਥਿਤੀ ਸਬਦਾਂ ’ਚ ਬਿਆਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਦੇ ਬੱਚੇ ਅਜਿਹੇ ਹਾਲਾਤਾਂ ’ਚ ਵਿਦੇਸ਼ ’ਚ ਫਸੇ ਹੋਣ।

ਹਰ ਵੇਲੇ ਅਰਦਾਸਾਂ ਕਰਨ ਮਗਰੋਂ ਜਦੋਂ ਉਨ੍ਹਾਂ ਦੇ ਜਿਗਰ ਦੇ ਟੁਕੜੇ ਸਹੀ ਸਲਾਮਤ ਘਰ ਪਰਤ ਜਾਣ ਤਾਂ ਮਾਂ ਬਾਪ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਖੰਨਾ ਨਿਵਾਸੀ ਦਿਨੇੇਸ਼ ਵਿਜ ਤੇ ਮੀਨਾਕਸ਼ੀ ਵਿਜ ਦੀ ਖੁਸ਼ੀ ਦਾ ਵੀ ਉਸ ਵੇਲੇ ਠਿਕਾਣਾ ਨਹੀਂ ਰਿਹਾ, ਜਦੋਂ ਯੂਕੇ੍ਰਨ ਪੜ੍ਹਨ ਗਈ ਉਨ੍ਹਾਂ ਦੀ ਬੇਟੀ ਕਸ਼ਿਸ ਵਿਜ ਬੀਤੇ ਕੱਲ੍ਹ ਸੁਰੱਖਿਅਤ ਆਪਣੇ ਘਰ ਪਰਤੀ ਆਈ।
ਖੰਨਾ ਦੇ ਸ਼ਿਵਪੁਰੀ ਮੁਹੱਲਾ ਵਿਖੇ ਰਹਿਣ ਵਾਲੇ ਦਿਨੇਸ਼ ਵਿਜ ਦੀ ਲੜਕੀ ਤੇ ਕਸ਼ਿਸ਼ ਵਿਜ ਜੋਕਿ ਯੂਕ੍ਰੇਨ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਗਈ ਸੀ ਤਾਂ ਉਥੇ ਹਾਲਾਤ ਖਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ। ਜਿਨ੍ਹਾਂ ’ਚ ਕਸ਼ਿਸ਼ ਵਿਜ ਵੀ ਸ਼ਾਮਲ ਸੀ। ਕਸ਼ਿਸ਼ ਵਿਜ ਨੇ ਦੱਸਿਆ ਕਿ ਉਹ ਯੂਕੇ੍ਰਨ ਵਿਚ ਐਮਬੀਬੀਐਸ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਤੇ ਦਸੰਬਰ 2020 ’ਚ ਉਥੇ ਗਈ ਸੀ, ਉਹ ਕੱਲ ਸਵੇਰੇ ਹੀ ਵਾਪਸ ਪਰਤੀ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵੈਸਟਰਨ ਸਾਈਟ ’ਤੇ ਹੈ, ਜਿਸ ਦਾ ਬਾਰਡਰ ਰੋਮਾਨੀਆ ਨਾਲ ਲੱਗਦਾ ਹੈ। ਯੂਕ੍ਰੇਨ ’ਚ ਹੁਣ ਪੜ੍ਹਾਈ ਵੀ ਠੱਪ ਹੋ ਗਈ ਹੈ।ਇਸ ਕਰਕੇ ਹੁਣ ਭਾਰਤੀ ਵਿਦਿਆਰਥੀ ਵਾਪਸ ਭੇਜੇ ਜਾ ਰਹੇ ਹਨ।ਹੁਣ ਉਨ੍ਹਾਂ ਦੀ ਪੜ੍ਹਾਈ ਭਾਰਤ ਬੈਠ ਕੇ ਆਨਲਾਈਨ ਹੀ ਹੋਵੇਗੀ। ਯੂਕ੍ਰੇਨ ਦੇ ਅਧਿਆਪਕ ਵੀ ਪੂਰੀ ਤਰ੍ਹਾਂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਤ ਬੇਸ਼ੱਕ ਹੁਣ ਕ੍ਰਿਟੀਕਲ ਹਨ, ਪਰ ਸਾਨੂੰ ਇਹੀ ਸਮਝਾਇਆ ਗਿਆ ਕਿ ਪੈਨਿਕ ਹੋਣ ਦੀ ਲੋੜ ਨਹੀਂ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਬੈਚ ਵਿਚ 600 ਤੋਂ ਵੱਧ ਵਿਦਿਆਰਥੀ ਹਨ, ਜਿਨ੍ਹਾਂ ਵਿਚ 70 ਫੀਸਦੀ ਤਾਂ ਆਪਣੇ ਘਰ ਵਾਪਸ ਪਹੁੰਚ ਗਏ ਹਨ ਤੇ 30 ਫੀਸਦੀ ਵਿਦਿਆਰਥੀ ਹੀ ਰਹਿੰਦੇ ਹਨ। ਜੋ ਜਲਦ ਹੀ ਆਪਣੇ ਆਪਣੇ ਦੇਸ਼ਾਂ ’ਚ ਪਹੁੰਚ ਜਾਣਗੇ । ਖਾਣ ਪੀਣ ਦੀ ਕੋਈ ਸਮੱਸਿਆ ਨਹੀਂ, ਬੱਸ ਨੈਟਵਰਕਿੰਗ ਦੀ ਜਰੂਰ ਸਮੱਸਿਆ ਆ ਰਹੀ ਸੀ।
ਕਸ਼ਿਸ਼ ਦੇ ਪਿਤਾ ਦਿਨੇਸ਼ ਵਿਜ ਨੇ ਆਪਣੇ ਮਨ ਦੀ ਸਥਿਤੀ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਟੈਨਸ਼ਨ ਹੀ ਰਹਿੰਦੀ ਸੀ ਕਿ ਬੱਚੀ ਕਿਵੇਂ ਰਹਿੰਦੀ ਹੋਵੇਗੀ। ਹੁਣ ਬੱਚੀ ਘਰ ਆਈ ਹੈ ਤਾਂ ਬੇਹੱਦ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਟਿਕਟ ਬੁਕਿੰਗ ਕਰਵਾ ਰਹੇ ਹਨ, ਪਰ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਟਿਕਟ ਬੁਕਿੰਗ ਆਨਲਾਈਨ ਹੀ ਹੁੰਦੀ ਹੈ, ਜਿਸਦਾ ਰੇਟ 28-30 ਹਜਾਰ ਤੋਂ ਸ਼ੁਰੂ ਹੋ ਕੇ 70 ਹਜਾਰ ਤੱਕ ਪੁੱਜ ਜਾਂਦਾ ਹੈ। ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਬੇਟੀ ਦੀ ਟਿਕਟ ਬੁੱਕ ਹੋ ਗਈ ਤੇ ਅੱਜ ਉਹ ਸਾਡੇ ਦਰਮਿਆਨ ਹੈ। ਉਨ੍ਹਾਂ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਵਲੋਂ ਕੱਲ੍ਹ ਵੀ ਫਲਾਈਟਸ ਗਈਆਂ ਤੇ ਅੱਜ ਵੀ ਗਈਆਂ ਹਨ ਜੋ ਉਥੇ ਰਹਿ ਗਏ ਹਨ ਜਲਦ ਵਾਪਸ ਪਰਤ ਜਾਣਗੇ।





