ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਸ਼ਾਹਪੁਰ ਤਹਿਸੀਲ ਦੇ ਵੇਹੋਲੀ ਪਿੰਡ ‘ਚ ਇਕ ਪੋਲਟਰੀ ਫਾਰਮ ‘ਚ 100 ਦੇ ਕਰੀਬ ਮੁਰਗੀਆਂ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਠਾਣੇ ਦੇ ਡੀਐਮ ਤੇ ਕਲੈਕਟਰ ਰਾਜੇਸ਼ ਜੇ. ਨਾਰਵੇਕਰ ਨੇ ਕਿਹਾ ਹੈ ਕਿ ਬਰਡ ਫਲੂ ਦੇ ਖਤਰੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਸੈਂਪਲ ਪੁਣੇ ਦੀ ਲੈਬਾਰਟਰੀ ‘ਚ ਭੇਜੇ ਗਏ ਹਨ। ਡੀਐਮ ਰਾਜੇਸ਼ ਜੇ. ਨਾਰਵੇਕਰ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਪ੍ਰਭਾਵਿਤ ਪੋਲਟਰੀ ਫਾਰਮ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਲਗਪਗ 25,000 ਪੰਛੀਆਂ ਨੂੰ ਮਾਰ ਦਿੱਤਾ ਜਾਵੇਗਾ। ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਨੂੰ ਇਨਫੈਕਸ਼ਨ ‘ਤੇ ਕਾਬੂ ਪਾਉਣ ਲਈ ਉਪਾਅ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਦੂਜੇ ਪਾਸੇ, ਠਾਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾਕਟਰ ਭਾਉਸਾਹਿਬ ਡਾਂਗੜੇ ਨੇ ਦੱਸਿਆ ਕਿ ਸ਼ਾਹਪੁਰ ਤਹਿਸੀਲ ਦੇ ਵੇਹਰੋਲੀ ਪਿੰਡ ‘ਚ ਇਕ ਪੋਲਟਰੀ ਫਾਰਮ ‘ਚ ਲਗਪਗ 100 ਪੰਛੀਆਂ ਦੀ ਮੌਤ ਹੋ ਗਈ। ਟੈਸਟਾਂ ਤੋਂ ਪਤਾ ਲੱਗਾ ਹੈ ਕਿ ਪੰਛੀਆਂ ਦੀ ਮੌਤ H5N1 ਏਵੀਅਨ ਇਨਫਲੂਏਂਜ਼ਾ ਕਾਰਨ ਹੋਈ ਸੀ। ਡਾਂਗਡੇ ਨੇ ਕਿਹਾ ਕਿ ਜ਼ਿਲ੍ਹੇ ਦਾ ਪਸ਼ੂ ਪਾਲਣ ਵਿਭਾਗ ਇਸ ਲਾਗ ਨੂੰ ਦੂਜੇ ਪੰਛੀਆਂ ‘ਚ ਫੈਲਣ ਤੋਂ ਰੋਕਣ ਲਈ ਉਪਾਅ ਕਰੇਗਾ।
ਇਸ ਤੋਂ ਪਹਿਲਾਂ ਬਿਹਾਰ ‘ਚ ਬਰਡ ਫਲੂ ਦੀ ਮਿਲੀ ਸੀ ਸੂਚਨਾ
ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਤੋਂ ਪਹਿਲਾਂ ਬਿਹਾਰ ਨੇ ਬੁੱਧਵਾਰ ਨੂੰ ਪੋਲਟਰੀ ਰਿਸਰਚ ਫਾਰਮ ‘ਤੇ ਬਹੁਤ ਜ਼ਿਆਦਾ ਇਨਫੈਕਸ਼ਨ ਵਾਲੇ H5N1 ਬਰਡ ਫਲੂ ਵਾਇਰਸ ਦੇ ਫੈਲਣ ਦੀ ਰਿਪੋਰਟ ਦਿੱਤੀ ਸੀ। ਪੈਰਿਸ ਹੈੱਡਕੁਆਰਟਰ OIE ਭਾਰਤ ਸਰਕਾਰ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ, ਵਾਇਰਸ ਨੇ ਪਟਨਾ ਦੇ ਇਕ ਪੋਲਟਰੀ ਫਾਰਮ ਵਿੱਚ 3,859 ਪੰਛੀਆਂ ਵਿੱਚੋਂ 787 ਨੂੰ ਮਾਰਿਆ ਅਤੇ ਬਾਕੀ ਸਾਰੇ ਪੰਛੀਆਂ ਨੂੰ ਸਾਵਧਾਨੀ ਵਜੋਂ ਮਾਰਿਆ ਗਿਆ।





