
ਖੰਨਾ, 17 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਪੰਜਾਬ ਦੇ ਹਰ ਖੇਤਰ ਵਿਚ ਨਵ ਨਿਰਮਾਣ ਕਰੇਗੀ, ਜਿਸ ਤਹਿਤ ਮੁੱਖ ਸੜਕਾਂ ਦੇ ਨਾਲ-ਨਾਲ ਅਨੇਕਾਂ ਨਵੇਂ ਪੁੱਲਾਂ ਦਾ ਨਿਰਮਾਣ ਹੋਵੇਗਾ। ਇਹ ਪ੍ਰਗਟਾਵਾ ਅੱਜ ਇੱਥੇ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦੇ ਹੱਕ ਵਿਚ ਹੋਈ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕੀਤਾ। ਖੰਨਾ ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੰਨਾ ਦੇ ਵਿਚਕਾਰੋਂ ਲੰਘਦੀ ਜਰਨੈਲੀ ਸੜਕ ਅਤੇ ਜੋ ਕਰੀਬ 3 ਕਿਲੋਮੀਟਰ ਪੁੱਲ ਬਣਿਆ ਹੋਇਆ ਹੈ, ਇਹ ਪੁੱਲ ਮਿੱਟੀ ਦਾ ਬਣਿਆ ਹੋਣ ਕਾਰਨ ਸ਼ਹਿਰ ਨੂੰ ਦੋ ਹਿੱਸਿਆ ਵਿਚ ਵੰਡਦਾ ਹੈ, ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ ਕਿਉਂਕਿ ਇਸ ਨਾਲ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ ਹੈ। ਹੁਣ ਇਲਾਕੇ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਜਿੱਥੇ ਇਸ ਪੁੱਲ ਨੂੰ ਐਲੀਵੇਟਿਡ ਪੁੱਲ ਦਾ ਨਿਰਮਾਣ ਕਰਵਾਇਆ ਜਾਵੇਗਾ, ਉਥੇ ਖੰਨਾ ਸ਼ਹਿਰ ਦੇ ਆਲੇ ਦੁਆਲੇ 1100 ਕਰੋੜ ਰੁਪਏ ਦੀ ਲਾਗਤ ਨਾਲ ਰਿੰਗ ਰੋਡ ਦਾ ਵੀ ਨਿਰਮਾਣ ਜਲਦ ਅਰੰਭ ਹੋ ਜਾਵੇਗਾ ਅਤੇ ਜੇ ਸ਼ਹਿਰ ਵਿਚ ਵਧੇਰੇ ਟ੍ਰੈਫ਼ਿਕ ਹੋਇਆ ਤਾਂ ਡਬਲ ਡੈਕਰ ਪੁੱਲ ਵੀ ਬਣੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ, ਫ਼ਸਲਾਂ ਦੇ ਵਧੇਰੇ ਭਾਅ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਅਤੇ ਪੱਛੜੇ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਹਿਲ ਦੇ ਅਧਾਰ ’ਤੇ ਕੰਮ ਕਰ ਰਹੀ ਹੈ। ਇਸਦੇ ਨਾਲ-ਨਾਲ ਧਾਰਿਮਕ ਅਸਥਾਨਾਂ ਨੂੰ ਇਕ ਦੂਜੇ ਨਾਲ ਜੋੜਣ ਲਈ ਵੱਡੀਆਂ ਚੌੜੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਮਹਿਲਾ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਸੰਕੂਲਤਾ ਰਾਣੀ, ਜ਼ਿਲਾ ਪ੍ਰਧਾਨ ਨਿਸ਼ਾ ਸ਼ਰਮਾ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਣ ਕੀਤਾ, ਜਿਸ ਨਾਲ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ ਵੱਡਾ ਝਟਕਾ ਲੱਗਾ। ਰੈਲੀ ਨੂੰ ਖੰਨਾ ਹਲਕੇ ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਭੱਟੀ ਤੋਂ ਇਲਾਵਾ ਸਾਬਕਾ ਵਿਧਾਇਕ ਜੱਥੇ. ਰਣਜੀਤ ਸਿੰਘ ਤਲਵੰਡੀ, ਭਾਜਪਾ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਬਿਕਰਮ ਸਿੰਘ ਚੀਮਾ, ਰਜਨੀਸ਼ ਬੇਦੀ, ਚੇਅਰਮੈਨ ਰਾਜੇਸ਼ ਡਾਲੀ, ਜਸਵਿੰਦਰ ਸਿੰਘ ਮਾਂਗਟ, ਰਣਜੀਤ ਸਿੰਘ ਹੀਰਾ ਬਾਜੀਗਰ ਸੈਲ ਦੇ ਆਗੂ ਚਰਨ ਦਾਸ ਆਦਿ ਨੇ ਵੀ ਸੰਬੋਧਨ ਕੀਤਾ।





