—ਨੌਜਵਾਨਾਂ ਵੱਲੋਂ ਪੂਰੇ ਜੋਸ਼ ਨਾਲ ਕੀਤਾ ਸਵਾਗਤ
–ਰੋਜ਼ੀ ਬਰਕੰਦੀ ਵੱਲੋਂ ਵੱਖ-ਵੱਖ ਪਿੰਡਾਂ ਚ ਕੀਤਾ ਚੌਣ ਜਲਸਿਆਂ ਨੂੰ ਸੰਬੋਧਨ

ਸ੍ਰੀ ਮੁਕਤਸਰ ਸਾਹਿਬ, 15 ਫਰਵਰੀ (ਅਨਮੋਲ ਸਿੰਘ ਵੜਿੰਗ)- ਹਲਕਾ ਸ੍ਰੀ ਮੁਕਤਸਰ ਸਾਹਿਬ ਤੋ ਅਕਾਲੀ ਦਲ ਅਤੇ ਬਸਪਾ ਗੱਠਜੋੜ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਹਲਕਾ ਵਾਸੀਆਂ ਤੱਕ ਪਹੁੰਚ ਕਰਦੇ ਹੋਏ ਚੌਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਇਸ ਚੌਣ ਮੁਹਿੰਮ ਦੌਰਾਨ ਰੋਜ਼ੀ ਬਰਕੰਦੀ ਅਤੇ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਵੱਲੋਂ ਪਿੰਡ ਗੋਨਿਆਣਾ, ਰਹੁੜਿਆਂਵਾਲੀ, ਦਿਹਾਤੀ ਮੁਕਤਸਰ, ਬਧਾਈ, ਚੱਕ ਬਧਾਈ, ਫੱਤਣਵਾਲਾ, ਅਕਾਲਗੜ੍ਹ, ਚੱਕ ਕਾਲਾ ਸਿੰਘ ਵਾਲਾ, ਰੋੜਾਂਵਾਲੀ, ਚੱਕ ਜਵਾਹਰੇਵਾਲਾ, ਅਟਾਰੀ, ਸੋਹਣੇਵਾਲਾ ਆਦਿ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ | ਇਸ ਦੌਰਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਇਸ ਸਮੇਂ ਹਲਕਾ ਸ੍ਰੀ ਮੁਕਤਸਰ ਸਾਹਿਬ ਚ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਹਨੇ੍ਹਰੀ ਚੱਲ ਰਹੀ ਹੈ ਅਤੇ ਹਰ ਕਿਸੇ ਦੀ ਜੁਬਾਨ ਤੇ ਸ੍ਰੋਮਣੀ ਅਕਾਲੀ ਦਲ ਦਾ ਨਾਮ ਗੂੰਜ ਰਿਹਾ ਹੈ | ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਚ ਚੌਣ ਪ੍ਰਚਾਰ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਦਿੱਲੀ ਚ ਆਮ ਲੋਕਾਂ ਲਈ ਕੁੱਝ ਸਹਾਰਣਯੋਗ ਕੰਮ ਨਹੀਂ ਕਰ ਸਕੀ, ਉਲਟਾ ਉਹੀ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਰਹੀ ਹੈ | ਇਸ ਦੌਰਾਨ ਹਨੀ ਬਰਾੜ ਫੱਤਣਵਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੀ ਲੋਕਾਂ ਚ ਆਪਣਾ ਅਧਾਰ ਗੁਆ ਚੁੱਕੀ ਹੈ | ਹਨੀ ਫੱਤਣਾਵਾਲਾ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਦੇ ਹੁੰਗਾਰੇ ਤੋਂ ਜਾਪ ਰਿਹਾ ਹੈ ਕਿ ਇਸ ਵਾਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਲੋਕ ਉਤਾਵਲੇ ਹਨ | ਇਸ ਦੌਰਾਨ ਉਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਵੋਟ ਪਾ ਕੇ ਜਿਤਾਉਣ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ | ਇਸ ਦੌਰਾਨ ਵੱਖ-ਵੱਖ ਪਿੰਡਾਂ ਚ ਨੌਜਵਾਨਾਂ ਵੱਲੋਂ ਪੂਰੇ ਜੋਸ਼ ਨਾਲ ਮੋਟਰ ਸਾਈਕਲ, ਟਰੈਕਟਰ ਰਾਹੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਸਵਾਗਤ ਕੀਤਾ ਗਿਆ | ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਬਿੰਦਰ ਗੋਨਿਆਣਾ ਵੱਲੋਂ ਅਦਾ ਕੀਤੀ ਗਈ | ਇਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਵਰਕਰ ਹਾਜ਼ਰ ਸਨ |




