ਚੈੱਫ ਸਾਰਕਰ ਦੀ ਹੱਤਿਆ ਬੀਮੇ ਦਾ ਪੈਸਾ ਹੜਪਣ ਲਈ ਕੀਤੀ ਗਈ
* 3 ਸਾਲ ਬਾਅਦ ਅਦਾਲਤ ਵੱਲੋਂ ਮਾਰਵਲ ਸਾਲਵੈਂਟ ਤੇ ਮਾਰੀਆ ਮੂਰੀ ਦੋਸ਼ੀ ਕਰਾਰ

ਸੈਕਰਾਮੈਂਟੋ ,ਕੈਲੀਫੋਰਨੀਆ 14 ਫਰਵਰੀ (ਹੁਸਨ ਲੜੋਆ ਬੰਗਾ)- ਫਰੀਮਾਂਟ, ਕੈਲੀਫੋਰਨੀਆ, ਵਿਚ ਜਾਣੇ ਪਛਾਣੇ ਚੈੱਫ ਡੌਮੀਨਿਕ ਸਾਰਕਰ ਦੀ ਉਸ ਦੇ ਸੌਣ ਵਾਲੇ ਕਮਰੇ ਵਿਚੋਂ ਲਾਸ਼ ਮਿਲਣ ਦੇ 3 ਸਾਲ ਬਾਅਦ ਅਦਾਲਤ ਨੇ ਆਪਣੇ ਨਿਰਨੇ ਵਿਚ ਮਾਰਵਲ ਸਾਲਵੈਂਟ ਤੇ ਮਾਰੀਆ ਮੂਰੀ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਨਾਂ ਨੇ ਬੀਮੇ ਦੇ ਪੈਸੇ ਹੜਪਣ ਲਈ ਡੌਮੀਨਿਕ ਦੀ ਹੱਤਿਆ ਲਈ ਵਿਸ਼ੇਸ਼ ਹਾਲਾਤ ਪੈਦਾ ਕੀਤੇ ਤੇ ਸਾਜਿਸ਼ ਰਚੀ। ਅਦਾਲਤ ਨੇ ਕਿਹਾ ਹੈ ਕਿ ਮੂਰੀ ਨੇ ਸਾਲਵੈਂਟ ਨਾਲ ਮਿਲ ਕੇ ਸਾਰਕਰ ਦੇ ਜੀਵਨ ਬੀਮੇ ਦੇ 8 ਲੱਖ ਡਾਲਰ ਲੈਣ ਲਈ ਉਸ ਦੇ ਕਤਲ ਦੀ ਯੋਜਨਾ ਬਣਾਈ। ਮੂਰੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦਸਿਆ ਕਿ ਸਾਲਵੈਂਟ ਨੇ ਹੀ ਸਾਰਕਰ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਮੂਰੀ ਨੇ ਸਵਿਕਾਰ ਕੀਤਾ ਕਿ ਉਸ ਦੇ ਸਾਰਕਰ ਨਾਲ ਸਰੀਰਕ ਸਬੰਧ ਸਨ ਤੇ ਉਹ ਸਾਰਕਰ ਦੀ ਬੀਮਾ ਪਾਲਿਸੀ ਵਿਚ ਹਿੱਸੇਦਾਰ ਸੀ। ਪਹਿਲਾਂ ਪਾਲਿਸੀ ਵਿਚ ਉਸ ਨੂੰ ਘਰੇਲੂ ਭਾਈਵਾਲੀ ਵਜੋਂ ਤੇ ਸਾਰਕਰ ਦੀਆਂ ਦੋ ਬੇਟੀਆਂ ਨੂੰ ਉਤਰਾਧਿਕਾਰੀ ਵਜੋਂ ਸ਼ਾਮਿਲ ਕੀਤਾ ਗਿਆ ਸੀ। 2016 ਵਿਚ ਸਾਰਕਰ ਦੀਆਂ ਬੇਟੀਆਂ ਨੂੰ ਪਾਲਿਸੀ ਵਿਚੋਂ ਕੱਢ ਦਿੱਤਾ ਗਿਆ ਤੇ ਮੂਰੀ ਦੇ ਪੁੱਤਰ ਨੂੰ ਉਤਰਾਧਿਕਾਰੀ ਵਜੋਂ ਸ਼ਾਮਿਲ ਕੀਤਾ ਗਿਆ। 2017 ਵਿਚ ਸਾਰਕਰ ਨੇ 3 ਲੱਖ ਡਾਲਰ ਦੀ ਇਕ ਹੋਰ ਬੀਮਾ ਪਾਲਿਸੀ ਖਰੀਦੀ ਜਿਸ ਵਿਚ ਉਸ ਨੇ ਆਪਣੀਆਂ ਧੀਆਂ ਨੂੰ ਉਤਰਾਧਿਕਾਰੀ ਵਜੋਂ ਸ਼ਾਮਿਲ ਕੀਤਾ। ਬਾਅਦ ਵਿਚ ਇਸ ਪਾਲਿਸੀ ਵਿਚੋਂ ਵੀ ਸਾਰਕਰ ਦੀਆਂ ਧੀਆਂ ਦਾ ਨਾਂ ਕੱਢ ਕੇ ਮੂਰੀ ਨੂੰ ਇਕੋ ਇਕ ਉਤਰਾਧਿਕਾਰੀ ਵਜੋਂ ਸ਼ਾਮਿਲ ਕੀਤਾ ਗਿਆ। ਅਦਾਲਤ ਨੇ ਸੈੱਲ ਫੋਨ ਉਪਰ ਮੂਰੀ ਤੇ ਸਾਲਵੈਂਟ ਵਿਚਾਲੇ ਹੋਏ ਟੈਕਸਟ ਸੁਨੇਹੇ ਤੇ ਗਵਾਂਢੀਆਂ ਦੇ ਸੀ ਸੀ ਟੀ ਵੀ ਕੈਮਰੇ ਵਿਚੋਂ ਇਨ ਦੋਨਾਂ ਵਿਰੁੱਧ ਮਿਲੇ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਕਰਾਰ ਦਿੱਤਾ। ਸਜਾ ਦਾ ਫੈਸਲਾ ਬਾਅਦ ਵਿਚ ਸੁਣਾਇਆ ਜਾਵੇਗਾ।




