ਬਰਨਾਲਾ:
ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਮੈਦਾਨ ਵਿਚ ਉਤਰੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਭਦੌੜ ਵਿੱਚ ਹੋਰ 70 ਪਰਿਵਾਰ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਕੌਂਸਲਰ ਜਗਦੀਪ ਸਿੰਘ ਜੱਗੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ।

ਇਨ੍ਹਾਂ ਆਪ ਦੇ ਸੂਬਾ ਯੂਥ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਅਤੇ ਹਲਕਾ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਦੌੜ ਵਿੱਚ ਲੜਾਈ ਇੱਕ ਗਰੀਬ ਕਹਾਉਣ ਵਾਲੇ ਅਤੇ ਸੱਚਮੁੱਚ ਗਰੀਬ ਵਿਅਕਤੀ ਵਿਚਕਾਰ ਹੈ। ਜਿਸ ਦਾ ਫੈਸਲਾ ਭਦੌੜ ਹਲਕੇ ਦੇ ਇਨਕਲਾਬੀ ਲੋਕਾਂ ਨੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦੇ ਗਵਾਹ ਭਦੌੜ ਦੇ ਲੋਕ ਵੀ ਲਾਭ ਸਿੰਘ ਉੱਗੋਕੇ ਨੂੰ ਜਿਤਾ ਤੇ ਮੁੱਖ ਮੰਤਰੀ ਨੂੰ ਹਰਾ ਕੇ ਬਣਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਗਦੀਪ ਸਿੰਘ ਜੱਗੀ ਵਰਗੇ ਹੀਰੇ ਵਰਕਰ ਗਵਾਉਣੇ ਇਨ੍ਹਾਂ ਚੋਣਾਂ ਵਿੱਚ ਮਹਿੰਗੇ ਪੈਣਗੇ ਤੇ ਜੱਗੀ ਦਾ ਪੂਰੇ ਜਿਲ੍ਹੇ ਵਿੱਚ ਆਪ ਉਮੀਦਵਾਰਾਂ ਨੂੰ ਵੱਡਾ ਲਾਭ ਮਿਲੇਗਾ।
ਆਪ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਭਦੌੜ ਹਲਕੇ ਦੇ ਅਣਖੀ ਲੋਕ ਮੁੱਖ ਮੰਤਰੀ ਨੂੰ ਵਾਪਸ ਚਮਕੌਰ ਸਾਹਿਬ ਭੇਜ ਕੇ ਹੀ ਦਮ ਲੈਣਗੇ। ਕੌਂਲਸਰ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਕਾਂਗਰਸ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ, ਇਹ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।
ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੇ ਹੋਰ ਆਗੂ ਵੀ ਆਪ ਵਿੱਚ ਸ਼ਾਮਲ ਕਰਵਾਏ ਜਾਣਗੇ। ਇਸ ਮੌਕੇ ਕੌਂਸਲਰ ਜਗਦੀਪ ਸਿੰਘ ਜੱਗੀ, ਬਿੱਲਾ ਸਿੰਘ ਦੀਪਗੜ੍ਹ, ਮੋਨੂੰ ਸ਼ਰਮਾ, ਹੇਮਰਾਜ ਸ਼ਰਮਾ, ਬਲਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਕੂਕਾ ਅਲਕੜ੍ਹਾ, ਕੀਰਤ ਸਿੰਗਲਾ, ਜੱਗਾ ਸਿੰਘ ਭਦੌੜ ਹਾਜ਼ਰ ਸਨ।





