ਸਮਰਾਲਾ
ਪੰਜਾਬ ਵਿਧਾਨ ਸਭਾ ਦੀਆਂ ਚੋਣਾ ਲੜ੍ਹਣ ਜਾ ਰਹੀ ਕਿਸਾਨਾਂ ਦੀ ਇੱਕ ਵੱਖਰੀ ਰਾਜਨੀਤਕ ਪਾਰਟੀ ਸੰਯੁਕਤ ਸਮਾਜ ਮੋੋਰਚਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਭਰਵਾਂ ਸਹਿਯੋਗ ਮਿਲ ਰਿਹਾ ਹੈ। ਸੰਯੁਕਤ ਸਮਾਜ ਮੋਰਚੇ ਦੇ ਮੋਢੀ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।
ਪੰਜਾਬ ਭਰ ਦੀਆਂ ਨਜ਼ਰਾਂ ਸਮਰਾਲਾ ਦੀ ਇਸ ਸੀਟ ‘ਤੇ ਲੱਗੀਆਂ ਹੋਈਆਂ ਹਨ। ਅੱਜ ਮੰਜ਼ਾਲੀ ਖੁਰਦ, ਮੰਜਾਲੀ ਕਲਾਂ, ਟਮਕੌਦੀ, ਸੁਲਤਾਨਪੁਰ, ਰੁਪਾਲੋਂ, ਮੰਡਿਆਲਾ ਖੁਰਦ, ਭੌਰਲਾ, ਚਾਵਾ, ਹਰਬੰਸਪੁਰਾ, ਰੂਪਾ, ਬਗਲੀ ਕਲਾਂ, ਬਗਲੀ ਖੁਰਦ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੇਜ਼ਰੀਵਾਲ ਬਹੁਰੂਪੀਆ ਹੈ।

ਉਹ ਦਿੱਲੀ ਵਿੱਚ ਹੋਰ ਤੇ ਪੰਜਾਬ ਆ ਕੇ ਹੋਰ ਗੱਲਾਂ ਕਰਦਾ ਹੈ। ਦਿੱਲੀ ਦੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਆਉਣ ਵਾਲੇ ਥੋੜੇ ਸਮੇਂ ‘ਚ ਪਾਣੀ ਦੀ ਸਮੱਸਿਆ ਦਾ ਹੱਲ ਕਰਾਂਗਾ। ਉਸ ਦਾ ਮੁੱਖ ਮਕਸਦ ਪੰਜਾਬ ਦੀਆਂ ਚੋਣਾਂ ਉਪਰੰਤ ਐਸ.ਵਾਈ.ਐਲ ਨਹਿਰ ਦੋਬਾਰਾ ਪੁੱਟ ਕੇ ਪੰਜਾਬ ਦਾ ਪਾਣੀ ਦਿੱਲੀ ਲੈ ਕੇ ਜਾਣ ਦਾ ਹੈ। ਪ੍ਰੰਤੂ ਪੰਜਾਬ ਦੇ ਲੋਕ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ। ਇਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਵਾਲੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਅਤੇ 2000 ਰੁਪਏ ਦੇਣ ਦੇ ਝੂਠੇ ਵਾਅਦੇ ਕਰ ਰਹੇ ਹਨ। ਉਹ ਪੰਜਾਬ ਦੇ ਲੋਕਾਂ ਨੂੰ ਮੁਫਤਖੋਰ ਬਣਾ ਕੇ ਲੁੱਟਣਾ ਚਾਹੁੰਦੇ ਹਨ।
ਰਾਜੇਵਾਲ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਆਉਣ ‘ਤੇ ਪਹਿਲਾ ਕੰਮ ਮਾਫੀਆ ਰਾਜ ਖਤਮ ਕਰਨਾ ਹੋਵੇਗਾ। ਪੰਜਾਬ ਦੇ ਸਿਆਸੀ ਲੀਡਰ ਰੇਤ ਅਤੇ ਸ਼ਰਾਬ ਰਾਹੀਂ ਇੱਕ ਲੱਖ ਕਰੋੜ ਰੁਪਏ ਕਮਾ ਰਹੇ ਹਨ।ਇਸ ਲਈ ਇਹ ਮਾਫੀਆ ਰਾਜ ਖਤਮ ਕਰਕੇ ਇਹੀ ਪੈਸਾ ਪੰਜਾਬ ਦੇ ਵਿਕਾਸ ਤੇ ਲਾਇਆ ਜਾਵੇਗਾ।
ਜੋਗਿੰਦਰ ਸਿੰਘ ਸੇਹ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਪਿੰਡਾਂ ਵਿੱਚ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਨਕਾਰ ਦੇ ਪੰਜਾਬ ਦੇ ਖੇਤਾਂ ਦੇ ਪੁੱਤ ਕਿਸਾਨਾਂ ਦੀ ਪਾਰਟੀ ਨੂੰ ਪੂਰਨ ਬਹੁਮਤ ਨਾਲ ਜਿਤਾਉਣਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਗੰਧਲੀ ਹੋ ਚੁੱਕੀ ਰਾਜਨੀਤੀ ਤੋਂ ਛੁਟਕਾਰਾ ਮਿਲ ਸਕੇ।
ਗਿਆਨੀ ਮਹਿੰਦਰ ਸਿੰਘ ਭੰਗਲਾਂ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜ਼ਰਾ, ਹਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸੁੱਖਾ, ਰਿੰਕੂ ਥਾਪਰ, ਪਰਮਿੰਦਰ ਸਿੰਘ ਪਾਲ ਮਾਜ਼ਰਾ, ਰਾਜੂ ਹੇਡੋਂ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਲਖਵੀਰ ਸਿੰਘ ਜਸਪਾਲੋਂ, ਰਵਨੀਤ ਕੌਰ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁੱਦੇਦਾਰ ਅਤੇ ਵਰਕਰ ਵੀ ਉਨਾਂ ਨਾਲ ਸਨ।






