ਚੰਡੀਗੜ੍ਹ
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਸੂਬੇ ਦਾ ਸਿਆਸੀ ਪਾਰਾ ਗਰਮ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਤਿੰਨ ਅਪਰਾਧਿਕ ਮਾਮਲਿਆਂ ਦੇ ਚਲਦੇ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਤਿੰਨ ਹਫ਼ਤਿਆਂ ਲਈ ਪੈਰੋਲ ਦੀ ਮੰਗ ਕੀਤੀ ਹੈ। ਇਸ ਕਾਰਨ ਪੰਜਾਬ ਦੀ ਸਿਆਸਤ ਹੋਰ ਗਰਮ ਹੋ ਗਈ ਹੈ। ਡੇਰਾ ਸੱਚਾ ਸੌਦਾ ਸਿਰਸਾ ਨੇ ਹਾਲ ਹੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਦੇ ਸਲਾਬਤਪੁਰਾ ‘ਚ ਮੀਟਿੰਗ ਬੁਲਾ ਕੇ ਆਪਣੀ ਤਾਕਤ ਦਿਖਾਈ ਸੀ।
ਹੁਣ ਚੋਣਾਂ ਦੇ ਵਿਚਕਾਰ ਰਾਮ ਰਹੀਮ ਵਲੋਂ ਪੈਰੋਲ ਮੰਗਣ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ। ਪੰਜਾਬ ਚੋਣਾਂ ਵਿੱਚ ਇਸ ਵਾਰ ਡੇਰਾ ਸੱਚਾ ਸੌਦਾ ਦਾ ਮਾਮਲਾ ਵੀ ਇੱਕ ਮੁੱਦਾ ਹੈ। ਬੇਅਦਬੀ ਦੇ ਮਾਮਲੇ ‘ਚ ਕਾਂਗਰਸ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਡੇਰੇ ਨੂੰ ਘੇਰ ਰਹੇ ਹਨ। ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਵਿੱਚ ਡੇਰਾ ਸੱਚਾ ਸੌਦਾ ਦੇ ਸੰਚਾਲਕ ਰਾਮ ਰਹੀਮ ਦਾ ਵੀ ਨਾਮ ਲਿਆ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਡੇਰਾ ਸਮਰਥਕ ਕਾਂਗਰਸ ਤੋਂ ਕਾਫੀ ਨਾਰਾਜ਼ ਹਨ। ਇਸ ਵਾਰ ਪੰਜਾਬ ਚੋਣਾਂ ਹਰ ਪਾਰਟੀ ਲਈ ਅਹਿਮ ਬਣ ਗਈਆਂ ਹਨ। ਹਰ ਵੋਟ ਕੀਮਤੀ ਹੈ। ਇਸ ਕਾਰਨ ਡੇਰਾ ਮੁੱਖੀ ਦੀ ਪੈਰੋਲ ਅਰਜ਼ੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਪੰਜਾਬ ਦੀਆਂ 117 ਵਿਚੋਂ 56 ਸੀਟਾਂ ‘ਤੇ ਡੇਰੇ ਦਾ ਪ੍ਰਭਾਵ ਹੈ। ਇੱਥੇ ਉਮੀਦਵਾਰਾਂ ਦੀ ਜਿੱਤ-ਹਾਰ ਵਿੱਚ ਡੇਰਾ ਸਮਰਥਕਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਹਰਿਆਣਾ ਦੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਦੀ ਅਹਿਮ ਭੂਮਿਕਾ ਰਹੀ ਹੈ। ਡੇਰੇ ਨੇ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਮਦਦ ਕੀਤੀ ਸੀ। ਇੱਥੋਂ ਤੱਕ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਡੇਰੇ ਨੇ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕੀ ਇਸ ਸਮੇਂ ਪੰਜਾਬ ਵਿੱਚ ਭਾਜਪਾ ਨੂੰ ਗੁਰਮੀਤ ਦੀ ਪੈਰੋਲ ਦਾ ਫਾਇਦਾ ਮਿਲ ਸਕਦਾ ਹੈ।
ਇਸ ਸਵਾਲ ‘ਤੇ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੀਮਾ ਨੇ ਕਿਹਾ ਕਿ ਯਕੀਨਨ ਇਸ ਦਾ ਕਾਰਨ ਇਹ ਹੈ ਕਿ, ਜਦੋਂ ਤੋਂ ਗੁਰਮੀਤ ਜੇਲ੍ਹ ਗਿਆ ਹੈ, ਉਸ ਨੂੰ ਪੈਰੋਲ ਨਹੀਂ ਮਿਲੀ ਹੈ। ਹਾਲਾਂਕਿ ਉਸ ਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ। 24 ਅਕਤੂਬਰ, 2020 ਨੂੰ, ਰਾਮ ਰਹੀਮ ਨੂੰ ਇੱਕ ਦਿਨ ਲਈ ਆਪਣੀ ਮਾਂ ਨੂੰ ਮਿਲਣ ਲਈ ਗੁੜਗਾਓਂ ਦੇ ਇੱਕ ਹਸਪਤਾਲ ਵਿੱਚ ਪੈਰੋਲ ‘ਤੇ ਲਿਜਾਇਆ ਗਿਆ ਸੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 18 ਮਈ 2021 ਨੂੰ 21 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪਰ ਉਸ ਨੂੰ ਲੰਬੀ ਪੈਰੋਲ ਨਹੀਂ ਮਿਲੀ। ਉਹ ਇੱਕ ਵਾਰ ਫੇਰ ਲੰਬੀ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਪੈਰੋਲ ਚਾਹੁੰਦਾ ਹੈ ਕਿਉਂਕਿ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਇੰਨੇ ਲੰਬੇ ਸਮੇਂ ਲਈ ਜੇਲ੍ਹ ਜਾ ਸਕਦਾ ਹੈ। ਉਸ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ‘ਚ ਸਾਰਾ ਕੁਝ ਉਲਟ ਪੁਲਟ ਹੋ ਗਿਆ ਹੈ। ਉਹ ਬਾਹਰ ਆ ਕੇ ਚੀਜ਼ਾਂ ਨੂੰ ਸੰਭਾਲਣਾ ਚਾਹੁੰਦਾ ਹੈ। ਪੰਜਾਬ ਚੋਣਾਂ ਵਿੱਚ ਕਿਉਂਕਿ ਭਾਜਪਾ ਇਸ ਵਾਰ ਆਪਣੇ ਦਮ ‘ਤੇ ਮੈਦਾਨ ਵਿੱਚ ਹੈ। ਡੇਰੇ ਦਾ ਨਰਮ ਕੋਨਾ ਭਾਜਪਾ ਵੱਲ ਹੈ। ਗੁਰਮੀਤ ਰਾਮ ਰਹੀਮ ਕੋਸ਼ਿਸ਼ ਕਰ ਰਿਹਾ ਹੈ ਕਿ ਸ਼ਾਇਦ ਚੋਣਾਂ ਦੌਰਾਨ ਉਸ ਨੂੰ ਪੈਰੋਲ ਮਿਲ ਸਕੇ। ਤਾਂ ਜੋ ਜੋ ਕੁਝ ਉਸ ਲਈ ਮਾੜਾ ਹੋ ਰਿਹਾ ਹੈ, ਉਹ ਕੁਝ ਠੀਕ ਹੋ ਸਕੇ। ਦੂਸਰਾ, ਜੇਕਰ ਉਸ ਨੂੰ ਇਸ ਸਮੇਂ ਪੈਰੋਲ ਮਿਲ ਜਾਂਦੀ ਹੈ ਤਾਂ ਪੰਜਾਬ ਵਿਚਲੇ ਡੇਰਾ ਪੈਰੋਕਾਰਾਂ ਨੂੰ ਵੀ ਇਕ ਸੁਨੇਹਾ ਜਾਵੇਗਾ ਜਿੱਥੇ ਉਨ੍ਹਾਂ ਨੇ ਵੋਟ ਪਾਉਣੀ ਹੈ।
ਡੇਰੇ ਨੂੰ ਨੇੜਿਓਂ ਜਾਣਨ ਵਾਲੇ ਸਿਰਸਾ ਹਰਿਆਣਾ ਦੇ ਸੀਨੀਅਰ ਪੱਤਰਕਾਰ ਹਰਬੰਸ ਸਿੰਘ ਥਿੰਦ ਦਾ ਮੰਨਣਾ ਹੈ ਕਿ ਜੇਕਰ ਇਸ ਸਮੇਂ ਗੁਰਮੀਤ ਨੂੰ ਪੈਰੋਲ ਮਿਲ ਜਾਂਦੀ ਹੈ ਤਾਂ ਇਸ ਦਾ ਫਾਇਦਾ ਭਾਜਪਾ ਨੂੰ ਜ਼ਰੂਰ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਰੇ ਦਾ ਸਿਆਸੀ ਵਿੰਗ ਹੈ। ਉਹ ਚੋਣ ਵਿਚ ਫੈਸਲਾ ਕਰਦਾ ਹੈ ਕਿ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ। ਗੁਰਮੀਤ ਰਾਮ ਰਹੀਮ ਦੇ ਬਾਹਰ ਹੋਣ ਤੱਕ 100% ਵੋਟਾਂ ਉਸ ਦੇ ਕਹਿਣ ‘ਤੇ ਪਈਆਂ ਸਨ। ਕਿਉਂਕਿ ਉਦੋਂ ਮੰਨਿਆ ਜਾ ਰਿਹਾ ਸੀ ਕਿ ਵੋਟ ਪਾਉਣ ਦਾ ਫੈਸਲਾ ਗੁਰਮੀਤ ਰਾਮ ਰਹੀਮ ਦਾ ਹੈ। ਹੁਣ ਜਦੋਂ ਉਹ ਜੇਲ੍ਹ ਵਿੱਚ ਹੈ ਤਾਂ ਸ਼ੱਕ ਬਣਿਆ ਰਹਿੰਦਾ ਹੈ ਕਿ ਡੇਰੇ ਵਲੋਂ ਹਮਾਇਤ ਕਰਨ ਵਾਲੀ ਪਾਰਟੀ ਜਾਂ ਉਮੀਦਵਾਰ ਨੂੰ 100 ਫੀਸਦੀ ਵੋਟ ਮਿਲੇ ਹਨ ਜਾਂ ਨਹੀਂ। ਇਸ ਲਈ ਪੰਜਾਬ ਚੋਣਾਂ ਦੇ ਮੱਦੇਨਜ਼ਰ ਗੁਰਮੀਤ ਦੀ ਪੈਰੋਲ ਦੀ ਮੰਗ ਦਾ ਸਿਆਸੀ ਪ੍ਰਭਾਵ ਮੰਨਿਆ ਜਾ ਸਕਦਾ ਹੈ।
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਾਬਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਉਹ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ 25 ਅਗਸਤ 2017 ਤੋਂ ਸਲਾਖਾਂ ਪਿੱਛੇ ਹੈ।




