ਮਾਨਸਾ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਚੌਕਸ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮਨਸੂਬਿਆਂ ਤੋਂ ਸਾਵਧਾਨ ਰਹਿਣ। ਆਮ ਆਦਮੀ ਪਾਰਟੀ ਖੇਤੀਬਾੜੀ ਖੇਤਰ ਲਈ ਮੁਫਤ ਬਿਜਲੀ ਸਪਲਾਈ ਤੇ ਆਟਾ ਦਾਲ ਤੇ ਸ਼ਗਨ ਵਰਗੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦੇਵੇਗੀ ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂਇਥੇ ਪਾਰਟੀ ਦੇ ਉਮੀਦਵਾਰ ਪ੍ਰੇਮ ਅਰੋੜਾ ਦੇ ਹੱਕ ਵਿਚ ਇਕ ਜਨਤਕ ਇਕੱਠ ਨੁੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ’ਤੇ ਬਿਲਕੁਲ ਵੀ ਵਿਸਾਹ ਨਹੀਂ ਕੀਤਾ ਜਾ ਸਕਦਾ। ਉਸਨੇ ਪਹਿਲਾਂ ਹੀ ਇਹ ਸਾਬਤ ਕਰ ਦਿੱਤਾ ਹੈ ਕਿਉਂਕਿ ਉਸਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਦਿੱਲੀ ਤੇ ਹਰਿਆਣਾ ਨੂੰ ਵੀ ਹਿੱਸਾ ਦਿੱਤਾ ਜਾਵੇ। ਉਸਨੇ ਹੋਰ ਹਲਫੀਆ ਬਿਆਨ ਦਾਇਰ ਕਰ ਕੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕੀਤੇ ਜਾਣ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਕੱਲ੍ਹ ਨੂੰ ਅਜਿਹਾ ਬੰਦਾ ਜੋ ਪੰਜਾਬ ਵਿਰੋਧੀ ਹੈ, ਪੰਜਾਬ ਵਿਚ ਕਿਸਾਨਾਂ ਲਈ ਮੁਫਤ ਬਿਜਲੀ ਸਹੂਲਤ ਬੰਦ ਕਰ ਦੇਵੇਗਾ ਕਿਉਂਕਿ ਇਹ ਯੋਜਨਾ ਦਿੱਲੀ ਮਾਡਲ ਦਾ ਹਿੱਸਾ ਨਹੀਂ ਹੈ। ਇਸੇ ਤਰੀਕੇ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆ ਗਈ ਤਾਂ ਦਿੱਲੀ ਦੀ ਤਰਜ਼ ’ਤੇ ਇਥੇ ਘਰੇਲੂ ਤੇ ਸਨੱਅਤੀ ਖਪਤਕਾਰਾਂ ਲਈ ਬਿਜਲੀ ਦਰਾਂ 10 ਤੋਂ 13 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਜਾਣਗੀਆਂ।
ਬੀਬਾ ਬਾਦਲ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਆਮ ਆਦਮੀ ਪਾਰਟੀ ਵਰਗੀ ਪਾਰਟੀ ’ਤੇ ਵਿਸ਼ਵਾਸ ਕਿਵੇਂ ਕਰ ਸਕਦੇ ਹਨ ਜਿਸਨੇ ਆਪਣੀਆਂ ਟਿਕਟਾਂ 4-4 ਕਰੋੜ ਰੁਪਏ ਵਿਚ ਵੇਚੀਆਂ ਹਨ ? ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੁੰ ਪੈਸੇ ਇਕੱਠੇ ਕਰਨ ਵਾਲਾ ਸੈਂਟਰ ਬਣਾ ਦਿੱਤਾ ਹੈ। ਚੋਣਾਂ ਤੋਂ ਬਾਅਦ ਉਹ ਪੰਜਾਬ ਨੁੰ ਭੁੱਲ ਜਾਵੇਗੀ। ਸ੍ਰੀ ਕੇਜਰੀਵਾਲ ਹੋਰ ਰਾਜਾਂ ਵਿਚ ਤੁਰ ਜਾਣਗੇ ਤੇ ਉਥੇ ਦੁਕਾਨਦਾਰੀ ਖੋਲ੍ਹ ਲੈਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੂਬੇ ਦੇ ਲੋਕਾਂ ਨਾਲ ਰਿਹਾ ਹੈ ਤੇ ਰਹੇਗਾ।

ਬੀਬਾ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮ ਕਰਨ ਦੇ ਤਰੀਕੇ ਦੀ ਗੱਲ ਕਰਦਿਆਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਚੰਨੀ ਨੇ ਸਿਰਫ ਆਪਣੇ ਲਈ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚਣ ਤੋਂ ਇਲਾਵਾ ਕੱਖ ਨਹੀਂ ਕੀਤਾ। ਸ੍ਰੀ ਚੰਨੀ ਨੇ ਸੂਬੇ ਭਰ ਵਿਚ ਆਪਣੇ ਪੋਸਟਰ ਲਗਾ ਦਿੱਤੇ ਕਿ ਜਿਹੜੇ ਨਰਮਾ ਉਤਪਾਦਕਾਂ ਦੀ ਫਸਲ ਦਾ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨ ਹੋਇਆ ਹੈ, ਉਹਨਾਂ ਨੁੰ ਢੁਕਵਾਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਜਦੋਂ ਕਿ ਕਿਸੇ ਨੂੰ ਵੀ ਇਕ ਧੇਲਾ ਵੀ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਸ੍ਰੀ ਚੰਨੀ ਨੇ ਗਰੀਬਾਂ ਲਈ ਪੰਜ ਪੰਜ ਮਰਲੇ ਦੇ ਪਲਾਟ ਪ੍ਰਦਾਨ ਕਰਨ ਦਾ ਐਲਾਨ ਕੀਤਾ ਜਦੋਂ ਕਿ ਕਿਸੇ ਇਕ ਵੀ ਵਿਅਕਤੀ ਨੂੰ ਅਜਿਹਾ ਪਲਾਟ ਨਹੀਂ ਮਿਲਿਆ।
ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਕਈ ਜਵਾਬ ਦੇਣੇ ਪੈਣਗੇ। ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਨੇ ਸਿਰਫ ਧੋਖਾਧੜੀ ਤੇ ਫਰੇਬ ਹੀ ਕੀਤਾ ਹੈ। ਕਾਂਗਰਸ ਪਾਰਟੀ ਲੋਕਾਂ ਨਾਲ ਕੀਤਾ ਹਰ ਵਾਅਦਾ ਭੁੱਲ ਗਈ ਭਾਵੇਂ ਉਹ ਸਾਰੇ ਕਿਸਾਨੀ ਕਰਜ਼ੇ ਮੁਆਫ ਕਰਨ ਦਾ ਵਾਅਦਾ ਹੋਵੇ, ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ, ਵਧੀ ਹੋਈ 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦਾ ਜਾਂ ਫਿਰ 51000 ਰੁਪਏ ਸ਼ਗਨ ਸਕੀਮ ਦਾ ਦੇਣ ਦੀ ਗੱਲ ਹੋਵੇ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਕਾਂਗਰਸ ਦਾ ਰਾਜ ਵਿਚ ਮਾਫੀਆ ਰਾਜ ਬਣਿਆ ਹੋਇਆ ਸੀ। ਅਸੀਂ ਵੇਖਿਆ ਕਿ ਕਿਵੇਂ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਆਪ ਇਸ ਮਾਫੀਆ ਦੀ ਅਗਵਾਈ ਕੀਤੀ ਅਤੇ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਤੇ ਜੰਗਲ ਵੀ ਨਹੀਂ ਛੱਡੇ। ਉਹਨਾਂ ਕਿਹਾ ਕਿ ਸ੍ਰੀ ਚੰਨੀ ਦੀਆਂ ਭ੍ਰਿਸ਼ਟ ਗਤੀਵਿਧੀਆਂ ਉਹਨਾਂ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣ ਨਾਲ ਬੇਨਕਾਬ ਹੋ ਗਈਆਂ ਤੇ ਇਹ ਤਾਂ ਹਾਲੇ ਸਾਰੇ ਮਾਮਲੇ ਦੀ ਸ਼ੁਰੂਆਤ ਮਾਤਰ ਹੈ।




