
ਸੈਕਰਾਮੈਂਟੋ 24 ਜਨਵਰੀ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਮੇਅਰ ਏਰਿਕ ਐਡਮਜ ਨੇ ਬੀਤੇ ਦਿਨ ਵਾਪਰੀ ਗੋਲੀਬਾਰੀ ਦੀ ਘਟਨਾ ਜਿਸ ਵਿਚ ਇਕ ਪੁਲਿਸ ਅਫਸਰ ਮਾਰਿਆ ਗਿਆ ਸੀ ਤੇ ਇਕ ਅਜੇ ਵੀ ਗੰਭੀਰ ਹਾਲਤ ਵਿਚ ਹੈ, ਸਮੇਤ ਵਾਪਰੀਆਂ ਗੋਲੀਬਾਰੀ ਦੀਆਂ ਹੋਰ ਕਈ ਅਹਿਮ ਘਟਨਾਵਾਂ ਉਪਰੰਤ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਦੇ ਕਪੜਿਆਂ ਵਾਲੀ ਪੁਲਿਸ ਇਕਾਈ ਮੁੜ ਕਾਇਮ ਕਰਨਾ ਦਾ ਐਲਾਨ ਕੀਤਾ ਹੈ। ਐਡਮਜ ਨੇ ਕਿਹਾ ਹੈ ਕਿ ਸ਼ਹਿਰ ਵਿਚ ਫੌਰਨ ਸੋਧਿਆ ਹੋਇਆ ਸਾਦੇ ਕਪੜਿਆਂ ਵਾਲਾ ‘ ਐਂਟੀ ਗੰਨ ਯੁੁਨਿਟ’ ਕਾਇਮ ਕੀਤਾ ਜਾਵੇਗਾ। ਹਾਲਾਂ ਕਿ ਪਹਿਲਾਂ ਸਾਦੇ ਕਪੜਿਆਂ ਵਾਲੇ ਪੁਲਿਸ ਯੁਨਿਟ ਨੂੰ ਲੈ ਕੇ ਅਲੋਚਨਾ ਹੋਈ ਸੀ ਪਰੰਤੂ ਐਡਮਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਦੇ ਕਪੜਿਆਂ ਵਾਲੇ ਪੁਲਿਸ ਦਸਤੇ ਦੀ ਕਾਇਮੀ ਨੂੰ ਲੈ ਕੇ ਉਚਿੱਤ ਵਿਸ਼ਲੇਸ਼ਣ ਕੀਤਾ ਹੈ ਤੇ ਹੁਣ ਅਸੀਂ ਇਸ ਨੂੰ ਤਾਇਨਾਤ ਕਰਨ ਜਾ ਰਹੇ ਹਾਂ। ਹਾਲਾਂ ਕਿ ਮੇਅਰ ਨੇ ਸਾਦੇ ਕਪੜਿਆਂ ਵਾਲੇ ਪੁਲਿਸ ਯੁਨਿਟ ਸਬੰਧੀ ਵੇਰਵੇ ਨਹੀਂ ਦੱਸੇ ਕਿ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਉਸ ਦੀ ਕਿਵੇਂ ਵਰਤੋਂ ਕੀਤੀ ਜਾਵੇਗੀ ਪਰੰਤੂ ਉਨ੍ਹਾਂ ਕਿਹਾ ਕਿ ਇਸ ਸਬੰਧੀ ਯੋਜਨਾ ਦਾ ਖੁਲਾਸਾ ਇਸੇ ਹਫਤੇ ਕਰ ਦਿੱਤਾ ਜਾਵੇਗਾ।



