ਮਾਨਸਾ 22 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ/ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਇਥੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।
ਪਾਰਟੀ ਦੇ ਸੂਬਾ ਦਫ਼ਤਰ ਬਾਬਾ ਬੂਝਾ ਸਿੰਘ ਭਵਨ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਦੀ ਹਾਜ਼ਰੀ ਵਿਚ ਬੀਤੇ ਕੱਲ ਦੇਰ ਸ਼ਾਮ ਤੱਕ ਚਲੀ ਪਾਰਟੀ ਦੀ ਮੀਟਿੰਗ ਵਿਚ ਇਸ ਸੂਚੀ ਨੂੰ ਅੰਤਮ ਰੂਪ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਵਿਰੋਧੀ ਤੇ ਕਾਰਪੋਰੇਟਪ੍ਰਸਤ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਕ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਦ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਇੱਕ ਵਿਸ਼ੇਸ਼ ਮਾਹੌਲ ‘ਚ ਹੋ ਰਹੀਆਂ ਹਨ। ਇਸ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਵਿਚ ਅਪਣੇ ਕਿਸਾਨ ਸੰਗਠਨ – ਆਲ ਇੰਡੀਆ ਕਿਸਾਨ ਮਹਾਸਭਾ – ਦੇ ਜ਼ਰੀਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਵੀ ਦੇਸ਼ ਭਰ ਵਿਚ ਭਰਪੂਰ ਹਿੱਸਾ ਪਾਇਆ। ਇਸ ਦੇ ਨਾਲ ਹੀ ਪਾਰਟੀ ਪੇਂਡੂ ਗਰੀਬਾਂ, ਦਲਿਤਾਂ, ਖੇਤ ਮਜ਼ਦੂਰਾਂ ਦੇ ਹੱਕਾਂ ਅਧਿਕਾਰਾਂ ਲਈ ਪਾਰਟੀ ਨੇ ਪੂਰੀ ਤਾਕਤ ਨਾਲ ਲੜਾਈ ਨੁੰ ਅੱਗੇ ਵਧਾ ਰਹੀ ਹੈ। ਮੋਦੀ ਸਰਕਾਰ ਵਲੋਂ ਦੇਸ਼ ਦੇ ਫੈਡਰਲ ਤੇ ਧਰਮ ਨਿਰਪੱਖ ਖਾਸੇ, ਸੰਵਿਧਾਨ ਅਤੇ ਜਮਹੂਰੀਅਤ ਉਤੇ ਕੀਤੇ ਜਾ ਰਹੇ ਫਾਸਿਸਟ ਹਮਲਿਆਂ ਖਿਲਾਫ ਵੀ ਪਾਰਟੀ ਚਟਾਨ ਵਾਂਗ ਡੱਟੀ ਹੋਈ ਹੈ। ਇਸ ਲਈ ਪੰਜਾਬ ਸਮੇਤ ਚਾਰ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਾਡੀ ਪਾਰਟੀ, ਪੂੰਜੀਵਾਦੀ ਸਿਸਟਮ ਅੰਦਰਲੇ ਡੂੰਘੇ ਆਰਥਿਕ ਮੰਦਵਾੜੇ ਦਾ ਸਮੁੱਚਾ ਭਾਰ ਆਮ ਜਨਤਾ ਉਤੇ ਸੁੱਟਣ ਦੀਆਂ ਬੀਜੇਪੀ ਦੀ ਕੇਂਦਰੀ ਸਰਕਾਰ ਤੇ ਕਾਂਗਰਸ ਦੀ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ ਜਨਤਾ ਦੇ ਹੱਕੀ ਸੰਘਰਸ਼ਾਂ ਦੀ ਆਵਾਜ਼ ਅਤੇ ਲਾਲ ਝੰਡੇ ਦੀ ਸੁਤੰਤਰ ਹੈਸੀਅਤ ਨੂੰ ਬੁਲੰਦ ਕਰੇਗੀ।

ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਾਰਟੀ ਨੇ ਸੰਯੁਕਤ ਸਮਾਜ ਮੋਰਚੇ ਨਾਲ ਆਪਸੀ ਸੀਟ ਐਡਜਸਟਮੈਂਟ ਲਈ ਯਤਨ ਕੀਤੇ ਸਨ, ਪਰ ਮੋਰਚੇ ਦੀ ਲੀਡਰਸ਼ਿਪ ਵਲੋਂ ਸਾਡੀ ਪਾਰਟੀ ਲਿਬਰੇਸ਼ਨ ਦੇ ਉਮੀਦਵਾਰਾਂ ਦੇ ਵੀ ਮੋਰਚੇ ਦੇ ਨਿਸ਼ਾਨ ਉਤੇ ਹੀ ਚੋਣ ਲੜਨ ਦੀ ਗੱਲ ਉਤੇ ਬਜ਼ਿਦ ਰਹਿਣ ਕਾਰਨ ਇਹ ਗੱਲ ਸਿਰੇ ਨਹੀਂ ਚੜ ਸਕੀ। ਇਸ ਲਈ ਹੁਣ ਪਾਰਟੀ ਨੇ ਅਪਣੇ ਚੋਣ ਨਿਸ਼ਾਨ ਉਤੇ ਹੀ ਆਜਾਦਾਨਾ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਹਲਕਾ ਭਦੌੜ (ਰ) ਤੋਂ ਭਗਵੰਤ ਸਿੰਘ ਸਮਾਓ, ਹਲਕਾ ਮਹਿਲ ਕਲਾਂ (ਰ) ਤੋਂ ਗੁਰਪ੍ਰੀਤ ਸਿੰਘ ਰੂੜੇਕੇ, ਹਲਕਾ ਦਿੜ੍ਹਬਾ (ਰ) ਤੋਂ ਗੋਬਿੰਦ ਸਿੰਘ ਛਾਜਲੀ, ਹਲਕਾ ਸੁਨਾਮ ਤੋਂ ਹਰਭਗਵਾਨ ਭੀਖੀ, ਹਲਕਾ ਸਰਦੂਲਗੜ੍ਹ ਤੋਂ ਗੁਰਮੀਤ ਸਿੰਘ ਨੰਦਗੜ੍ਹ, ਹਲਕਾ ਬੁਢਲਾਡਾ (ਰ) ਤੋਂ ਨਿੱਕਾ ਸਿੰਘ ਬਹਾਦਰਪੁਰ, ਹਲਕਾ ਧੂਰੀ ਤੋਂ ਹਰਪ੍ਰੀਤ ਸਿੰਘ ਘਰਾਟ, ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਪਰਮਜੀਤ ਕੌਰ ਮੁੱਦਕੀ, ਹਲਕਾ ਮੌੜ ਤੋਂ ਪ੍ਰਿਤਪਾਲ ਸਿੰਘ ਰਾਮਪੁਰਾ, ਹਲਕਾ ਫਰੀਦਕੋਟ ਤੋਂ ਸਤਨਾਮ ਸਿੰਘ ਪੱਖੀ ਅਤੇ ਹਲਕਾ ਮੋਗਾ ਤੋਂ ਨਵਜੋਤ ਸਿੰਘ ਜੋਗੇਵਾਲਾ ਨੂੰ ਅਪਣੇ ਉਮੀਦਵਾਰ ਨਾਮਜ਼ਦ ਕੀਤਾ ਹੈ। ਜਦ ਕਿ ਹਲਕਾ ਮਾਨਸਾ ਤੋਂ ਪਾਰਟੀ, ਸੰਯੁਕਤ ਸਮਾਜ ਮੋਰਚੇ ਵਲੋਂ ਚੋਣ ਲੜ ਰਹੇ ਕਿਸਾਨ ਆਗੂ ਗੁਰਨਾਮ ਸਿੰਘ ਭੀਖੀ ਦੀ ਹਿਮਾਇਤ ਕਰੇਗੀ।
ਕਾਮਰੇਡ ਰਾਣਾ ਨੇ ਦੱਸਿਆ ਕਿ ਪਾਰਟੀ ਵਲੋਂ 26 ਜਨਵਰੀ ਨੂੰ ਬਰਨਾਲਾ ਵਿਖੇ ਪਾਰਟੀ ਦੀ ਸੂਬਾਈ ਕਾਡਰ ਕਨਵੈਨਸ਼ਨ ਕਰਕੇ ਚੋਣ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਜਾਵੇਗੀ।





