
ਪਟਿਆਲਾ, 13 ਜਨਵਰੀ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਨੁਸਾਰ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਬਾਅਦ ਚੋਣ ਅਮਲ ਨਾਲ ਸਬੰਧਤ ਸ਼ਿਕਾਇਤਾਂ/ਮਾਮਲਿਆਂ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਜੋ ਕਿ ਐਂਡਰਾਇਡ ਪਲੇਟਫ਼ਾਰਮ ਅਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਰਾਹੀਂ ਪਿਛਲੇ 24 ਘੰਟਿਆਂ ਦੌਰਾਨ ਆਈਆਂ 56 ਸ਼ਿਕਾਇਤਾਂ ਵਿੱਚੋਂ 54 ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ। ਜਦੋਂਕਿ ਸ਼ੁਤਰਾਣਾ ਹਲਕੇ ਨਾਲ ਸਬੰਧਤ ਵਾਲ ਪੇਟਿੰਗ ਬਾਰੇ 1 ਸ਼ਿਕਾਇਤ ਨੂੰ ਨਿਪਟਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਕ ਚੋਣ ਪ੍ਰਕ੍ਰਿਆ ਨਾਲ ਸਬੰਧਤ ਨਾ ਹੋਣ ਕਰਕੇ ਰੱਦ ਕਰ ਦਿਤੀ ਗਈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸੀ-ਵਿਜਿਲ ‘ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ ‘ਚ ਹੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤਾ ਜਾਂਦਾ ਹੈ। ਟੀਮ 15 ਮਿੰਟ ‘ਚ ਸਬੰਧਤ ਥਾਂ ‘ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ ‘ਚ ਉਸ ਸ਼ਿਕਾਇਤ ਦੇ ਤੱਥ ਜਾਂਚ ਕੇ, ਉਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਬੰਧਤ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ ‘ਤੇ ਅਗਲੇ 50 ਮਿੰਟ ‘ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੇਵਲ 100 ਮਿੰਟ ‘ਚ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ‘ਤੇ ਚੱਲ ਰਹੇ ਚੋਣ ਅਮਲ ਨਾਲ ਸਬੰਧਤ ਸ਼ਿਕਾਇਤ ਕੇਂਦਰ 24 ਘੰਟੇ ਕੰਮ ਕਰ ਰਹੇ ਹਨ, ਜਿੱਥੇ ਪ੍ਰਾਪਤ ਹੋਈ ਹਰੇਕ ਸ਼ਿਕਾਇਤ ਨੂੰ ਬੜੀ ਹੀ ਗੰਭੀਰਤਾ ਨਾਲ ਲੈ ਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਸੀ-ਵਿਜਿਲ ਤੋਂ ਇਲਾਵਾ 1950 ਨੰਬਰ ਵੀ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਦੇ ਨਾਲ-ਨਾਲ ਸ਼ਿਕਾਇਤ ਦਰਜ ਕਰਨ ਦਾ ਕੰਮ ਵੀ ਕਰ ਰਿਹਾ ਹੈ। ਇਸ ਨੰਬਰ ‘ਤੇ ਅੱਜ 20 ਕਾਲਾਂ ਆਈਆਂ ਹਨ ਜਿਨ੍ਹਾਂ ‘ਤੇ ਪੁੱਛੀ ਗਈ ਜਾਣਕਾਰੀ ਤੁਰੰਤ ਮੁਹੱਈਆ ਕਰਵਾ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਸਿੱਧੇ ਤੌਰ ‘ਤੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵੀ ਪੁੱਜਦੀਆਂ ਹਨ, ਜਿਨ੍ਹਾਂ ਨੂੰ ਨਿਪਟਾ ਕੇ, ਮੁੱਖ ਚੋਣ ਅਫ਼ਸਰ ਨੂੰ ਸੂਚਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਇੱਕੋ-ਇੱਕ ਏਜੰਡਾ ਚੋਣ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕ ਕੇ, ਹਰੇਕ ਪਾਰਟੀ ਵਾਸਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ, ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣਾ, ਉਨ੍ਹਾਂ ਵਿੱਚ ਭਰੋਸੇ, ਨਿੱਡਰਤਾ ਅਤੇ ਨਿਰਪੱਖਤਾ ਦਾ ਮਾਹੌਲ ਸਿਰਜਣਾ ਹੈ। ਇਸ ਲਈ ਵੱਖ-ਵੱਖ ਚੋਣ ਟੀਮਾਂ 24 ਘੰਟੇ ਸਰਗਰਮ ਹਨ।




