
300 ਗ੍ਰਾਮ ਸਾਫ਼ ਸੁਥਰੇ ਕਾਲੇ ਜਾਂ ਚਿੱਟੇ ਤਿਲ ਲੈਕੇ ਦੋ ਕੁ ਚਮਚ ਦੇਸੀ ਘਿਓ ਜਾਂ ਸਰੋਂ ਤੇਲ ਜਾਂ ਐਕਸਟ੍ਰਾ ਵਰਜਿਨ ਔਲਿਵ ਓਇਲ ਚ ਘੱਟ ਅੱਗ ਤੇ ਹਲਕਾ ਜਿਹਾ ਭੁੰਨ ਲਵੋ। ਇਹ ਜ਼ਿਆਦਾ ਨਹੀਂ ਭੁੰਨਣੇ ਨਹੀਂ ਤਾਂ ਕੌੜੇ ਵੀ ਹੋ ਜਾਣਗੇ ਤੇ ਇਨ੍ਹਾਂ ਵਿਚਲੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ।
ਫਿਰ ਤਿਲਾਂ ਜਿੰਨਾ ਯਾਨੀ ਕਿ 300 ਗ੍ਰਾਮ ਵਧੀਆ ਕੁਆਲਿਟੀ ਦਾ ਬਿਨਾਂ ਰੰਗ ਵਾਲਾ ਅਤੇ ਔਰਗੈਨਿਕ ਗੁੜ ਵੀ ਦੋ ਕੁ ਚਮਚ ਘਿਓ ਚ ਬਹੁਤ ਘੱਟ ਅੱਗ ਤੇ ਹਿਲਾਉਂਦਿਆਂ ਗਰਮ ਕਰੋ।
ਜੇ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਹੋ ਤਾਂ 300 ਗ੍ਰਾਮ ਤਿਲਾਂ ਚ ਸਿਰਫ 150-200 ਗ੍ਰਾਮ ਗੁੜ ਹੀ ਮਿਲਾਉ। ਜੇ ਤੁਸੀਂ ਗੁੜ ਪਸੰਦ ਨਹੀਂ ਕਰਦੇ ਤਾਂ ਤਿਲਾਂ ਚ ਗੁੜ ਦੀ ਜਗ੍ਹਾ ਦਾਖਾਂ, ਖੁਰਮਾਨੀ, ਖਜੂਰਾਂ ਆਦਿ ਦੀ ਵਰਤੋਂ ਕਰ ਸਕਦੇ ਹੋ।
ਗਰਮ ਕਰਨ ਤੋਂ ਪਹਿਲਾਂ ਗੁੜ ਨੂੰ ਕਰਦ ਜਾਂ ਗਰੇਟਰ ਨਾਲ ਕੱਦੂਕਸ਼ ਕਰ ਲਵੋ ਜਾਂ ਵੇਲਣੇ ਨਾਲ ਕੁੱਟ ਲਵੋ। ਇਹ ਵੀ ਜ਼ਿਆਦਾ ਗਰਮ ਨਹੀਂ ਕਰਨਾ ਅਤੇ ਜ਼ਿਆਦਾ ਕਾਲਾ ਨਹੀਂ ਪੈਣ ਦੇਣਾ।
ਫਿਰ ਗੁੜ ਨੂੰ ਗੈਸ ਤੋਂ ਉਤਾਰ ਕੇ ਤਿਲ ਮਿਲਾ ਕੇ ਛੋਟੀਆਂ ਛੋਟੀਆਂ ਪਿੰਨੀਆਂ ਵੱਟ ਲਵੋ। ਇੱਕ ਪਿੰਨੀ ਰੋਜ਼ਾਨਾ ਬੱਚਿਆਂ ਨੂੰ ਖਾਣ ਨੂੰ ਦਿਉ।
ਮੂੰਗਫ਼ਲੀ, ਤਿਲ ਅਤੇ ਗੁੜ ਵਾਲੇ ਲੱਡੂ ਵੀ ਇਵੇਂ ਹੀ ਬਣਾ ਸਕਦੇ ਹੋ। ਤਿਲ, ਗੁੜ, ਨਾਰੀਅਲ ਬੁਰਾਦਾ ਅਤੇ ਵੱਖ-ਵੱਖ ਡਰਾਈ ਫਰੂਟ ਵਾਲੇ ਲੱਡੂ ਵੀ ਇਸੇ ਤਰ੍ਹਾਂ ਬਣਾ ਸਕਦੇ ਹੋ।
ਇਹ ਲੱਡੂ ਬੱਚਿਆਂ, ਬਜ਼ੁਰਗਾਂ, ਨੌਜੁਆਨਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਬੇਹੱਦ ਲਾਭਦਾਇਕ ਹੁੰਦੇ ਹਨ। ਰੋਜ਼ਾਨਾ ਇੱਕ ਇੱਕ ਲੱਡੂ ਹਰ ਇੱਕ ਨੂੰ ਦਿੱਤੇ ਜਾ ਸਕਦੇ ਹਨ।
ਤਿੰਨ ਤੋਂ ਦਸ ਸਾਲ ਦੀ ਉਮਰ ਦੇ ਬੱਚਿਆਂ ਦੀ ਯਾਦਾਸ਼ਤ ਵਧਾਉਣ ਅਤੇ ਕੱਦ ਕਾਠ ਤੇਜ਼ੀ ਨਾਲ ਵਧਾਉਣ ਵਾਲੇ ਅਤੇ ਸਰਦੀ ਰੋਗਾਂ ਤੋਂ ਬਚਾਉਣ ਵਾਲੇ ਤੱਤ ਇਨ੍ਹਾਂ ਚ ਭਾਰੀ ਮਾਤਰਾ ਵਿੱਚ ਹੁੰਦੇ ਹਨ।
ਦਸ ਤੋਂ ਅਠਾਰਾਂ ਸਾਲ ਦੇ ਮੁੰਡੇ ਕੁੜੀਆਂ ਦੇ ਹਾਰਮੋਨ ਸਹੀ ਤਰ੍ਹਾਂ ਰਿਸਾਉਣ ਵਾਲੇ ਤੱਤ ਅਤੇ ਵਾਲਾਂ ਨੂੰ ਸੰਘਣੇ, ਮਜ਼ਬੂਤ, ਸੁੰਦਰ ਅਤੇ ਲੰਮੇਂ ਕਰਨ ਵਾਲੇ ਤੱਤ ਵੀ ਇਨ੍ਹਾਂ ਚ ਕਾਫ਼ੀ ਜ਼ਿਆਦਾ ਹੁੰਦੇ ਹਨ।
ਨੌਜਵਾਨਾਂ ਦੇ ਮਸਲ ਬਣਾਉਣ ਅਤੇ ਮੁਟਿਆਰਾਂ ਦੀ ਫਿਗਰ ਸੋਹਣੀ ਬਣਾਉਣ ਵਾਲੇ ਤੱਤ ਵੀ ਇਨ੍ਹਾਂ ਚ ਬਹੁਤ ਹੁੰਦੇ ਹਨ।
ਜ਼ਿਆਦਾ ਸਰਦੀ ਕਾਰਨ ਔਰਤਾਂ ਦੇ ਮਾਹਵਾਰੀ ਲੇਟ ਹੋਣੀ, ਕਲੌਟ ਆਉਣੇ, ਮਾਹਵਾਰੀ ਦਰਦ ਨਾਲ ਆਉਣੀ ਜਾਂ ਅੰਡੇ ਦਾ ਸਾਈਜ਼ ਸਹੀ ਨਾਂ ਬਣਨਾ ਆਦਿ ਨੁਕਸ ਬਣਨ ਦੇ ਚਾਂਸ ਹੁੰਦੇ ਹਨ।
ਇਸੇ ਕਾਰਨ ਜ਼ਿਆਦਾ ਸਰਦੀ ਚ ਰਹਿਣ ਵਾਲੀਆਂ ਔਰਤਾਂ ਦੇ ਵਾਲ ਅਤੇ ਚਮੜੀ ਖੁਸ਼ਕ ਹੋ ਜਾਂਦੇ ਹਨ। ਅੱਖਾਂ, ਕੰਨਾਂ ਚ ਵੀ ਖੁਸ਼ਕੀ ਵਧ ਜਾਂਦੀ ਹੈ। ਪਿਸ਼ਾਬ ਲੱਗ ਕੇ ਆਉਣਾ, ਵਾਰ ਵਾਰ ਲਿਕੋਰੀਆ ਹੋਣਾ, ਖਾਰਸ਼, ਜਲਣ ਆਦਿ ਨੁਕਸ ਬਣ ਜਾਂਦੇ ਹਨ।
ਗੁੜ ਤਿਲ ਵਾਲਾ ਲੱਡੂ ਰੋਜ਼ਾਨਾ ਖਾਣ ਵਾਲੀ ਔਰਤ ਦੇ ਆਇਰਨ, ਕੈਲਸ਼ੀਅਮ, ਫਾਸਫੋਰਸ, ਮੈਗਨੇਸ਼ੀਅਮ, ਜ਼ਿੰਕ, ਕਾਪਰ ਆਦਿ ਦੀ ਘਾਟ ਨਹੀਂ ਆਉਂਦੀ। ਇਉਂ ਉਸਦੀ ਮਾਹਵਾਰੀ ਵੀ ਠੀਕ ਰਹਿੰਦੀ ਹੈ ਤੇ ਉਸਦੀ ਇਮਿਉਨਿਟੀ ਵੀ ਵਧੀਆ ਰਹਿੰਦੀ ਹੈ।
ਗੁੜ ਤਿਲ ਲੱਡੂ ਬੇਔਲਾਦ ਮਰਦਾਂ ਔਰਤਾਂ ਲਈ ਵੀ ਬਹੁਤ ਫ਼ਾਇਦੇਮੰਦ ਹਨ। ਇਹ ਮਰਦਾਂ ਦੇ ਸ਼ੁਕਰਾਣੂ ਕੁਆਲਿਟੀ ਤੇ ਸਪੱਰਮ ਕਾਉਂਟ ਵਧਾਉਂਦੇ ਹਨ। ਔਰਤਾਂ ਦੇ ਅੰਦਰੂਨੀ ਅੰਗਾਂ ਦੀ ਸੋਜ਼, ਕਮਜ਼ੋਰੀ, ਰਸੌਲੀ, ਇਨਫੈਕਸ਼ਨ ਆਦਿ ਹੋਣੋਂ ਬਚਾਉਣ ਵਾਲੇ ਤੱਤਾਂ ਨਾਲ ਵੀ ਤਿਲ ਗੁੜ ਲੱਡੂ ਭਰਪੂਰ ਹੁੰਦੇ ਹਨ।
ਵੱਡੀ ਉਮਰ ਚ ਹਰ ਇੱਕ ਦੇ ਪਾਚਣ ਪ੍ਰਣਾਲੀ ਅੰਗ ਕਮਜ਼ੋਰ ਹੋ ਜਾਂਦੇ ਹਨ। ਜਿਸ ਕਾਰਨ ਬਜ਼ੁਰਗਾਂ ਦੇ ਬਹੁਤ ਤੱਤਾਂ ਦੀ ਘਾਟ ਹੁੰਦੀ ਹੈ। ਉਹਨਾਂ ਦੀ ਨਜ਼ਰ ਅਤੇ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
ਸਰੀਰਕ ਅਤੇ ਮਾਨਸਿਕ ਕਮਜ਼ੋਰੀ ਵਧ ਜਾਂਦੀ ਹੈ। ਉਨ੍ਹਾਂ ਦੇ ਜੋੜ ਜਾਮ ਜਿਹੇ ਹੋਣ ਲਗਦੇ ਹਨ, ਸਾਰਾ ਹੀ ਸਰੀਰ ਦਰਦ ਕਰਦਾ ਰਹਿੰਦਾ ਹੈ। ਉਹ ਬਹੁਤ ਛੇਤੀ ਅੱਕਣ ਥੱਕਣ ਲੱਗ ਜਾਂਦੇ ਹਨ।
ਪ੍ਰੰਤੂ ਗੁੜ ਤਿਲ ਦੇ ਲੱਡੂ ਉਨ੍ਹਾਂ ਦਾ ਹਾਜ਼ਮਾ ਸਹੀ ਕਰਦੇ ਹਨ, ਉਨ੍ਹਾਂ ਦੇ ਤੱਤਾਂ ਦੀ ਘਾਟ ਪੂਰੀ ਕਰਦੇ ਹਨ, ਉਨ੍ਹਾਂ ਦਾ ਹਿੰਮਤ ਹੌਸਲਾ ਵਧਾਉਂਦੇ ਹਨ। ਬਜ਼ੁਰਗਾਂ ਦੀ ਕਬਜ਼ ਤੋਂ ਵੀ ਗੁੜ ਤਿਲ ਲੱਡੂ ਚੰਗੇ ਹਨ ਤੇ ਜੋੜ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ ਤੋਂ ਵੀ ਬਹੁਤ ਫ਼ਾਇਦੇਮੰਦ ਹਨ।
ਲੇਕਿਨ ਇਹ ਗੁਰਦੇ ਫੇਲ੍ਹ, ਫੈਟੀ ਲਿਵਰ, ਡਾਇਬੇਟੀਜ਼, ਤੇਜ਼ ਧੜਕਣ, ਪਿੱਤਾ ਪਥਰੀ, ਹਾਈ ਬੀਪੀ, ਹਾਈ ਕੋਲੈਸਟਰੋਲ ਅਤੇ ਮੋਟਾਪੇ ਵਾਲਿਆਂ ਨੂੰ ਨਹੀਂ ਖਾਣੇ ਚਾਹੀਦੇ ਹਨ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229, 94654-12596
ਜਦ ਵੀ ਕਿਸੇ ਵਿਆਹ ਸ਼ਾਦੀ ਜਾਂ ਫੰਕਸ਼ਨ ਤੇ ਜਾਉ ਉਥੇ ਸਿਰਫ਼ ਫਾਰਮੈਲਿਟੀ ਕਰਕੇ ਜਾਂ ਇੱਕ ਸਾਈਡ ਤੇ ਹੀ ਬੈਠਕੇ ਨਾ ਵਾਪਸ ਆ ਜਾਇਆ ਕਰੋ। ਨਵੇਂ ਪੁਰਾਣੇ ਸਭ ਨੂੰ ਮਿਲਿਆ ਕਰੋ। ਖ਼ੂਬ ਗੱਲਾਂ ਸੁਣੋ ਸੁਣਾਉ। ਥੋੜ੍ਹਾ ਨੱਚ ਵੀ ਲਿਆ ਕਰੋ। ਏਦਾਂ ਦੀ ਆਦਤ ਨਾ ਪਾਉ ਕਿ ਹਰ ਵਿਆਹ ਤੇ ਤੁਹਾਨੂੰ ਮੱਲੋਮੱਲੀ ਨਚਾਉਣਾ ਪੈਂਦਾ ਹੋਵੇ। ਸੁਭਾਅ ਵੀ ਸਭ ਨੂੰ ਪਹਿਲਾਂ ਬੁਲਾਉਣ ਦਾ ਬਣਾਉ। ਏਦਾਂ ਦਾ ਸੁਭਾਅ ਨਾ ਬਣਾਓ ਕਿ ਬਾਕੀ ਸਭ ਤੁਹਾਨੂੰ ਪਹਿਲਾਂ ਬੁਲਾਉਣ।






