ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਪੱਸ਼ਟ ਕੀਤਾ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਪੈਸੇ ਲੈ ਕੇ ਵੋਟ ‘ਆਪ’ ਨੂੰ ਦੇਣ ਲਈ ਵੰਡੇ ਜਾ ਰਹੇ ਪਰਚਿਆਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਚੋਣਾਂ ’ਚ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਪੈਸੇ ਨਹੀਂ ਵੰਡਦੀ, ਕੋਈ ਗਿਫ਼ਟ ਅਤੇ ਲਾਲਚ ਨਹੀਂ ਦਿੰਦੀ, ਕਿਉਂਕਿ ਆਮ ਆਦਮੀ ਪਾਰਟੀ ਪੈਸੇ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਨਹੀਂ ਕਰਦੀ।

ਪਰਚੇ ’ਚ ਲਿਖਿਆ ਹੋਇਆ ਹੈ ਕਿ ਚੋਣਾਂ ’ਚ ਲੋਕਾਂ ਨੂੰ ਲੁਭਾਉਣ ਲਈ ਦੂਜੀਆਂ ਪਾਰਟੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੈਸੇ ਅਤੇ ਸ਼ਰਾਬ ਵੰਡਣਗੀਆਂ। ਉਹ ਪੈਸਾ ਅਤੇ ਸ਼ਰਾਬ ਜਨਤਾ ਦੀ ਲੁੱਟ ਦਾ ਪੈਸਾ ਹੈ, ਇਸ ਲਈ ਉਸ ਤੋਂ ਲੈ ਲੈਣਾ ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ। ਉਨ੍ਹਾਂ ਇਸ ਪਰਚੇ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵਿਚ ਸਾਡਾ ਕੋਈ ਹੱਥ ਨਹੀਂ ਹੈ। ਅਸੀਂ ਇਹ ਪਰਚਾ ਨਹੀਂ ਛਪਵਾਇਆ। ਉਨ੍ਹਾਂ ਸਵਾਲ ਕੀਤਾ ਕਿ ਆਖਰ ਅਕਾਲੀ ਦਲ ਇਸ ਪਰਚੇ ਤੋਂ ਇੰਨਾ ਪਰੇਸ਼ਾਨ ਕਿਉਂ ਹੈ?ਉਨ੍ਹਾਂ ਕਿਹਾ ਕਿ ਇਹ ਪਰਚਾ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ। ਪੰਜਾਬ ਦੇ ਲੋਕ ਸਵੈਮਾਣ ਵਾਲੇ ਹਨ ਤੇ ਉਹ ਵਿਕਣ ਵਾਲੇ ਨਹੀਂ ਹੁੰਦੇ ਪਰ ਅਕਾਲੀ ਦਲ ਇਸ ਪਰਚੇ ਤੋਂ ਸਭ ਤੋਂ ਵੱਧ ਪਰੇਸ਼ਾਨ ਹੈ। ਇਸ ਪਰਚੇ ਦੇ ਵੰਡਣ ਤੋਂ ਬਾਅਦ ਹੀ ਅਕਾਲੀ ਦਲ ਬੇਚੈਨੀ ਵਿਚ ਹੈ।
ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪਿਛਲੇ 50 ਸਾਲਾਂ ਵਿਚ ਪੰਜਾਬ ਨੂੰ ਮਿਲ ਕੇ ਲੁੱਟਿਆ ਅਤੇ ਆਪਣੇ ਫਾਇਦੇ ਲਈ ਵੇਚ ਦਿੱਤਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਜਨਤਾ ਦੇ ਪੈਸੇ ਨਾਲ ਆਪਣੇ ਖ਼ੁਦ ਦੇ ਪੰਜ ਸਿਤਾਰਾ ਹੋਟਲ ਖੋਲ੍ਹੇ, ਫਾਰਮ ਹਾਊਸ ਅਤੇ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਅਤੇ ਮਹਿੰਗੀਆਂ ਗੱਡੀਆਂ ਖਰੀਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਫਾਰਮ ਹਾਊਸਾਂ ਅਤੇ ਕੋਠੀਆਂ ਵਿੱਚ ਲੱਗੀ ਇੱਕ-ਇੱਕ ਇੱਟ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ।






