
ਕਪੂਰਥਲਾ, 5 ਜਨਵਰੀ(ਨਿਰਮਲ ਸਿੰਘ) ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਕਪੂਰਥਲਾ ਜਿਲ੍ਹੇ ਦੇ ਵੋਟਰਾਂ ਦੀ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ ਹੋ ਗਈ ਹੈ, ਜਿਸ ਤਹਿਤ ਜਿਲ੍ਹੇ ਭਰ ਵਿਚ ਵੋਟਰਾਂ ਦੀ ਗਿਣਤੀ 622305 ਹੈ।
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋ ਅੱਜ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕਪੂਰਥਲਾ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਅੰਦਰ ਕੁੱਲ ਵੋਟਰ 622305 ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਫਗਵਾੜਾ (ਰਾਖਵਾਂ) ਹਲਕੇ ਅੰਦਰ 191839 ਵੋਟਰ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਹਲਕੇ ਅੰਦਰ 146954 , ਕਪੂਰਥਲਾ ਅੰਦਰ 148267 ਤੇ ਭੁਲੱਥ ਹਲਕੇ ਵਿਚ 135245 ਵੋਟਰ ਹਨ।
ਜਿਲ੍ਹੇ ਵਿਚ ਕੁੱਲ 793 ਪੋਲਿੰਗ ਬੂਥ ਬਣਾਏ ਗਏ ਹਨ, ਜਿਸ ਵਿਚ ਫਗਵਾੜਾ ਦੇ 227, ਸੁਲਤਾਨਪੁਰ ਲੋਧੀ ਦੇ 195, ਕਪੂਰਥਲਾ ਦੇ 196 ਤੇ ਭੁਲੱਥ ਦੇ 175 ਬੂਥ ਹਨ।
ਜਿਲ੍ਹੇ ਵਿਚ ਕੁੱਲ 19 ਐਨ.ਆਰ.ਆਈ ਵੋਟਰ ਵੀ ਹਨ, ਜਦਕਿ 18 ਤੋਂ 19 ਸਾਲ ਉਮਰ ਵਰਗ ਦੇ 6615 ਵੋਟਰ ਹਨ। ਇਨ੍ਹਾਂ ਵਿਚ 3971 ਲੜਕੇ ਤੇ 2644 ਲੜਕੀਆਂ ਹਨ। ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਦੀ ਗਿਣਤੀ 3954 ਹੈ, ਜਦਕਿ 1349 ਸਰਵਿਸ ਵੋਟਰ ਹਨ।
ਜਿਲ੍ਹਾ ਚੋਣ ਅਫਸਰ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀਆਂ ਕਾਪੀਆਂ ਵੀ ਸੌਂਪੀਆਂ ਗਈਆਂ ਅਤੇ ਸ਼ਾਂਤੀਪੂਰਨ ਚੋਣ ਅਮਲ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ। ਜਿਲ੍ਹਾ ਚੋਣ ਅਫਸਰ ਨੇ ਸ਼ਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਨਿਰਵਿਘਨ ਚੋਣਾਂ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ।
ਇਸ ਮੌਕੇ ਚੋਣ ਤਹਿਸੀਲਦਾਰ ਮਨਜੀਤ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।





