
ਸੈਕਰਾਮੈਂਟੋ 5 ਜਨਵਰੀ (ਹੁਸਨ ਲੜੋਆ ਬੰਗਾ)-ਤੇਜੀ ਨਾਲ ਫੈਲਣ ਦੀ ਸਮਰੱਥਾ ਰਖਦੇ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਕਾਰਨ ਵਧ ਰਹੇ ਕੋਵਿਡ ਮਾਮਲਿਆਂ ਦਰਮਿਆਨ ਰਾਸ਼ਟਰਪਤੀ ਜੋ ਬਾਈਡਨ ਨੇ ਇਕ ਵਾਰ ਫਿਰ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਸੰਘੀ ਸਰਕਾਰ ਸਿਹਤ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਵਾਈਟ ਹਾਊਸ ਕੋਵਿਡ-19 ਰਿਸਪਾਂਸ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਕ ਵਾਰ ਫਿਰ ਅਮਰੀਕੀਆਂ ਨੂੰ ਕਿਹਾ ਕਿ ਉਹ ਵੈਕਸੀਨ ਲਵਾਉਣ ਤੇ ਮਾਸਕ ਜਰੂਰ ਪਹਿਣਨ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹਰ ਅਮਰੀਕੀ ਲਈ ਵੈਕਸੀਨ ਤੇ ਬੂਸਟਰ ਖੁਰਾਕ ਮੌਜੂਦ ਹੈ ਪਰੰਤੂ ਅਜੇ ਸਾਢੇ ਤਿੰਨ ਕਰੋੜ ਬਾਲਗਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੈ। ਉਨ੍ਹਾਂ ਕਿਹਾ ਟੀਕਾਕਰਣ ਹੀ ਵਾਇਰਸ ਵਿਰੁੱਧ ਮਜਬੂਤ ਰਖਿਆ ਦਿਵਾਰ ਹੈ। ਰਾਸ਼ਟਰਪਤੀ ਨੇ ਕਿਹਾ ” ਓਮੀਕਰੋਨ ਕਾਰਨ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਾਡੇ ਕੋਲ ਸਾਧਨ ਹਨ, ਜੇਕਰ ਲੋਕ ਇਹ ਸਾਧਨ ਵਰਤਣ ਲਈ ਤਿਆਰ ਹਨ।” ਉਨ੍ਹਾਂ ਕਿਹਾ ” 2022 ਵਿਚ ਸਾਡੇ ਕੋਲ ਆਸਵੰਦ ਹੋਣ ਦੇ ਕਈ ਕਾਰਨ ਮੌਜੂਦ ਹਨ, ਪਰੰਤੂ ਕ੍ਰਿਪਾ ਕਰਕੇ ਉਸ ਪ੍ਰਮਾਤਮਾ ਦੀ ਖਾਤਿਰ ਜੋ ਕੁਝ ਸਾਡੇ ਕੋਲ ਹੈ, ਉਸ ਦਾ ਲਾਹਾ ਲਿਆ ਜਾਵੇ।” ਰਾਸ਼ਟਰਪਤੀ ਨੇ ਸਕੂਲ ਖੋਲ੍ਹਣ ਦੀ ਮਹੱਤਤਾ ਉਪਰ ਜੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਫਾਈਜ਼ਰ ਤੋਂ ਕੋਵਿਡ ਦੇ ਇਲਾਜ਼ ਲਈ ਗੋਲੀਆਂ ਖਰੀਦਣ ਦਾ ਆਰਡਰ ਦੁੱਗਣਾ ਕਰ ਦਿੱਤਾ ਹੈ ਤੇ ਹੁਣ ਇਕ ਕਰੋੜ ਦੀ ਬਜਾਏ 2 ਕਰੋੜ ਗੋਲੀਆਂ ਖ੍ਰੀਦੀਆਂ ਜਾ ਰਹੀਆਂ ਹਨ। ਇਥੇ ਜਿਕਰਯੋਗ ਹੈ ਕਿ ਅਮਰੀਕਾ ਵਿਚ ਲੰਘੇ ਸੋਮਵਾਰ ਪਹਿਲੀ ਵਾਰ ਓਮੀਕਰੋਨ ਵਾਇਰਸ ਦੇ 10 ਲੱਖ ਮਾਮਲੇ ਸਾਹਮਣੇ ਆਏ ਹਨ ਜਦ ਕਿ ਇਸ ਤੋਂ ਪਹਿਲਾਂ ਸਭ ਤੋਂ ਵਧ ਮਾਮਲੇ ਲੰਘੇ ਵੀਰਵਾਰ 5,91,000 ਆਏ ਸਨ। ਜੌਹਨਜ ਹੋਪਕਿਨਜ ਯੁਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਹਫਤੇ ਹਰ 100 ਅਮਰੀਕਨਾਂ ਪਿੱਛੇ ਇਕ ਅਮਰੀਕੀ ਕੋਵਿਡ ਵਾਇਰਸ ਦੀ ਲਪੇਟ ਵਿਚ ਆਇਆ ਹੈ। ਵਧੇ ਮਾਮਲਿਆਂ ਕਾਰਨ ਹਸਪਤਾਲਾਂ ਉਪਰ ਦਬਾਅ ਵਧ ਗਿਆ ਹੈ। ਅਮਲੇ ਦੀ ਪੈਦਾ ਹੋਈ ਘਾਟ ਕਾਰਨ ਕੰਪਨੀਆਂ ਨੂੰ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ ਤੇ ਸਕੂਲ ਬੱਚਿਆਂ ਨੂੰ ਨਿੱਜੀ ਤੌਰ ‘ਤੇ ਪੜ੍ਹਾਈ ਕਰਵਾਉਣ ਦੀਆਂ ਯੋਜਨਾਵਾਂ ਉਪਰ ਮੁੜ ਵਿਚਾਰ ਕਰਨ ਲਈ ਮਜ਼ਬੂਰ ਹੋਏ ਹਨ।






