
ਮੌੜ ਮੰਡੀ, 29 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਰਸਤੇ ਨੂੰ ਲੈ ਕਿ ਸਥਾਨਕ ਸ਼ਹਿਰ ਦੇ ਗੁਰੂ ਨਾਨਕ ਮੁਹੱਲਾ ਅਤੇ ਗੋਕਲ ਨਗਰੀ ਵਿਚਕਾਰ ਚੱਲ ਰਿਹਾ ਝਗੜਾ ਕਾਂਗਰਸ ਪਾਰਟੀ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਅੱਜ ਜਦੋਂ ਗੁਰੂ ਨਾਨਕ ਮੁਹੱਲੇ ਦੇ ਵਾਸੀਆਂ ਨੂੰ ਹਲਕਾ ਮੌੜ ਦੇ ਇੰਚਾਰਜ਼ ਡਾ. ਮੰਜੂ ਬਾਂਸਲ ਦੇ ਮੌੜ ਸਮਾਗਮ ਦੀ ਭਿਨਕ ਲੱਗੀ, ਤਾਂ ਔਰਤਾਂ ਸਮੇਂਤ ਵੱਡੀ ਗਿਣਤੀ ’ਚ ਵਿਅਕਤੀ ਸਦਭਾਵਨਾ ਹਾਲ ਦੇ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ ਅਤੇ ਡਾ. ਮੰਜੂ ਬਾਂਸਲ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਵੇਂ ਡਾ. ਮੰਜੂ ਬਾਂਸਲ ਨੇ ਮਿਥੇ ਸਮੇਂ ਤੇ ਆਉਣ ਤੋਂ ਟਾਲਾ ਵੱਟਣਾ ਹੀ ਮੁਨਾਸਿਬ ਸਮਝਿਆ। ਉੱਧਰ ਮੁਹੱਲਾ ਵਾਸੀ ਅਮਰੀਕ ਸਿੰਘ, ਹਰਵਿੰਦਰ ਸਿੰਘ, ਰਮਨਪੀਤ ਸਿੰਘ, ਮੱਖਣ ਸਿੰਘ, ਪ੍ਰਦੀਪ ਕੌਰ, ਰੁਪਿੰਦਰ ਕੌਰ, ਪਿੰਕੀ ਰਾਣੀ ਅਤੇ ਪੁਸ਼ਪਾ ਰਾਣੀ ਆਦਿ ਨੇ ਮੰਜੂ ਬਾਂਸਲ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁੱਝ ਧਨਾਡ ਲੋਕਾਂ ਤੋਂ ਸਰਕਾਰੀ ਗਲੀ ’ਚ ਪੁਲਿਸ ਦੀ ਛਤਰ ਛਾਇਆ ਹੇਠ ਧੱਕੇ ਨਾਲ ਕੰਧ ਕਢਵਾਈ ਜਾ ਰਹੀ ਹੈ। ਜਦੋਂ ਕਿ ਉਕਤ ਗਲੀ ’ਚ ਨਗਰ ਕੌਂਸਲ ਮੌੜ ਵੱਲੋਂ ਸੀਵਰੇਜ ਸਿਸਟਮ, ਵਾਟਰ ਸਪਲਾਈ ਸਮੇਂਤ ਗਲੀ ਪੱਕੀ ਕਰੀ ਹੋਈ ਹੈ, ਪ੍ਰੰਤੂ ਕੁੱਝ ਲੋਕਾਂ ਨੇ ਗਲੀ ਤੇ ਗੇਟ ਲਗਾ ਕੇ ਅਤੇ ਪਿਛਲੇ ਪਾਸੇ ਕੰਧ ਕੱਢਕੇ ਗੋਕਲ ਨਗਰੀ ਅਤੇ ਗੁਰੂ ਨਾਨਕ ਮੁਹੱਲੇ ਦਾ ਸੰਪਰਕ ਤੋੜ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਨੇੜੇ ਰੇਲਵੇ ਦੀ ਪਲੇਟੀ ਹੋਣ ਕਾਰਨ ਆਏ ਦਿਨ ਲੱਗਣ ਵਾਲੀਆਂ ਸ਼ਪੈਸਲਾਂ ਕਾਰਨ ਸਕੂਲੀ ਬੱਚਿਆਂ ਤੇ ਬਜੁਰਗਾਂ ਦਾ ਇਹਨਾਂ ਟਰੱਕਾਂ ਵਿਚੋਂ ਦੀ ਲੰਘ ਕੇ ਗੁਰੂ ਨਾਨਕ ਮੁਹੱਲੇ ਵਿਚ ਆਉਣ ਮੌਤ ਦੇ ਮੂੰਹ ’ਚੋ ਵਾਪਸ ਆਉਣ ਦੇ ਬਰਾਬਰ ਹੈ। ਜੇਕਰ ਇਹ ਰਸਤਾ ਖੁੱਲ ਜਾਂਦਾ ਹੈ, ਤਾਂ ਇਸ ਨਾਲ ਦੋਨੋ ਹੀ ਮੁਹੱਲੇ ਦੇ ਲੋਕਾਂ ਨੂੰ ਫਾਇਦਾ ਹੈ। ਪ੍ਰੰਤੂ ਕੁੱਝ ਸਿਆਸੀ ਲੋਕ ਭਾਈਚਾਰਕ ਸਾਂਝ ਨੂੰ ਤੋੜਨ ਲਈ ਇੱਕ ਧਿਰ ਦਾ ਸਾਥ ਦੇ ਕੇ ਸਿਆਸੀ ਕਿੜਾਂ ਕੱਢ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਬਾਂਸਲ ਅਜਿਹੇ ਵਿਅਕਤੀ ਹਨ, ਜੋ ਪਹਿਲਾਂ ਵੀ ਲਾਲਚ ’ਚ ਆ ਕੇ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨਾਲ ਧੋਖਾ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ, ਜਦੋਂ ਅਕਾਲੀ ’ਚ ਬਾਂਸਲ ਪਰਿਵਾਰ ਦੀ ਪੁੱਛਗਿੱਛ ਨਾ ਰਹੀ, ਤਾਂ ਦੁਆਰਾ ਫਿਰ ਕਾਂਗਰਸ ਪਾਰਟੀ ’ਚ ਛਾਲ ਮਾਰ ਗਏ। ਪਰ ਹੁਣ ਵੀ ਇਹਨਾਂ ਦਾ ਕੋਈ ਪਤਾ ਨਹੀ ਕਿ ਕਿਹੜੀ ਪਾਰਟੀ ’ਚ ਭੱਜ ਜਾਣ। ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਇਹ ਹਲਕਾ ਮੌੜ ’ਚ ਕਾਂਗਰਸ ਨੂੰ ਦਿਨੋ ਦਿਨ ਕਮਜੋਰ ਕਰ ਰਹੇ ਹਨ। ਇਸ ਲਈ ਇਹਨਾਂ ਨੂੰ ਮੌੜ ਤੋਂ ਟਿਕਟ ਨਾ ਦਿੱਤੀ ਜਾਵੇ। ਜੇਕਰ ਪਾਰਟੀ ਬਾਂਸਲ ਪਰਿਵਾਰ ਨੂੰ ਟਿਕਟ ਦਿੰਦੀ ਹੈ, ਤਾਂ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸੰਦੀਪ ਚੰਚਲ, ਬੰਟੀ ਮੌੜ, ਯਸ, ਵਿੱਕੀ ਕੁਮਾਰ, ਰਣਜੀਤ ਸਿੰਘ, ਪਵਨ ਗਰੋਵਰ, ਗੋਰਵ, ਰਾਜਵਿੰਦਰ ਸਿੰਘ, ਕਮਲ ਕੁਮਾਰ, ਦੇਵੀ ਲਾਲ , ਵਿਸਾਖਾ ਸਿੰਘ, ਦਰਸ਼ਨ ਸਿੰਘ, ਪੁਸ਼ਪਾ ਰਾਣੀ, ਰੀਟਾ ਰਾਣੀ, ਕੰਚਨ ਰਾਣੀ, ਸਮਨ ਰਾਣੀ, ਮਮਤਾ ਰਾਣੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਮੁਹੱਲਾ ਵਾਸੀ ਮੌਜੂਦ ਸਨ।
ਫੋਟੋ ਕੈਪਸ਼ਨ : ਮੌੜ ਵਿਖੇ ਡਾ. ਮੰਜੂ ਬਾਂਸਲ ਖ਼ਿਲਾਫ ਨਾਅਰੇਬਾਜੀ ਕਰਦੀਆਂ ਹੋਈਆਂ ਔਰਤਾਂ ਤੇ ਮੁਹੱਲਾ ਵਾਸੀ
2 ਗਲੀ ’ਚ ਪੁਲਿਸ ਦੀ ਮੌਜੂਦਗੀ ’ਚ ਕੰਧ ਕੱਢਦੇ ਹੋਏ ਮਿਸਤਰੀ ਤੇ ਨਗਰ ਕੌਂਸਲ ਦੇ ਮੁਲਾਜ਼ਮ






