
ਗੜ੍ਹਸ਼ੰਕਰ (Amrik Kumar) ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦੀ ਕਾਰ ਤੇ ਮੰਗਲਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਰੋੜੀ ਨੇ ਦੱਸਿਆ ਕਿ ਰਾਤ 11.40 ਵਜੇ ਦੇ ਕਰੀਬ ਉਹ ਆਪਣੇ ਗੰਨਮੈਨ ਅਤੇ ਡਰਾਈਵਰ ਲਾਲ ਬੰਗਾ ਰੋਡ ਵਾਲੇ ਪਾਸਿਓਂ ਆ ਰਹੇ ਸਨ। ਜਦ ਉਹ ਗੁਰਦਵਾਰਾ ਸ਼ਹੀਦਾਂ ਅਤੇ ਨਿਰੰਕਾਰੀ ਭਵਨ ਦੇ ਵਿਚਕਾਰ ਪਹੁੰਚੇ ਅਤੇ ਗੱਡੀ ਦੀ ਰਫਤਾਰ ਬਹੁਤ ਹੌਲੀ ਸੀ ਤਾਂ ਇੱਕ ਵਿਅਕਤੀ ਨੇ ਕਿਰਪਾਨ ਨਾਲ ਉਨ੍ਹਾਂ ਦੀ ਗੱਡੀ ਤੇ ਹਮਲਾ ਕੀਤਾ ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਦੂਸਰੇ ਪਾਸੇ ਵੀ ਇਸੇ ਤਰਾਂ ਹਮਲਾ ਕੀਤਾ ਗਿਆ। ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਿਸਮਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ਼ ਕਰਕੇ ਉਹ ਪੁਲਿਸ ਥਾਣੇ ਪਹੁੰਚੇ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਲੁੱਟ-ਖੋਹ ਕਰਨ ਲਈ ਕੀਤਾ ਗਿਆ ਜਾਪਦਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਸਬ-ਡਵੀਜ਼ਨ ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਪੌਣੇ 12 ਵਜੇ ਦੇ ਕਰੀਬ ਵਿਧਾਇਕ ਰੌੜੀ ਵੱਲੋਂ ਇਸ ਹਮਲੇ ਸਬੰਧੀ ਦੱਸਿਆ ਗਿਆ ਸੀ। ਜਿਸ ਤੇ ਪੁਲਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਕੁਝ ਸਮੇਂ ਬਾਅਦ ਹੀ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੁਟੇਰਿਆਂ ਵੱਲੋਂ ਦੋ ਹੋਰ ਗੱਡੀਆਂ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਕੇ ਪੁਲਸ ਨੂੰ ਦੇਖ ਕੇ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।




