ਸੁਲਤਾਨਪੁਰ ਲੋਧੀ 13 ਦਸੰਬਰ 2021(ਨਿਰਮਲ ਸਿੰਘ ਹੈਪੀ) ਰਮੇਸ਼ ਸਿੰਘ ਡਡਵਿੰਡੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਦਿੱਤੀਆਂ ਨਿਸਵਾਰਥ ਸੇਵਾਵਾਂ ਨੂੰ ਦੇਖਦਿਆਂ ਨਵਜੋਤ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਕਾਂਗਰਸ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਪੰਜਾਬ ਪ੍ਰਤੀ ਕੀਤੇ ਗਏ ਠੋਸ ਉਪਰਾਲਿਆਂ ਨੂੰ ਸੁਚਾਰੂ ਢੰਗ ਨਾਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਮਕਸਦ ਨਾਲ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਰਮੇਸ਼ ਡਡਵਿੰਡੀ ਦੇ ਪ੍ਰਧਾਨ ਬਣਨ ਕਰਕੇ ਲੋਕਾਂ ਵਿਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ । ਨਵ-ਨਿਯੁਕਤ ਜ਼ਿਲਾ ਪ੍ਰਧਾਨ ਰਮੇਸ਼ ਡਡਵਿੰਡੀ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਰਮੇਸ਼ ਡਡਵਿੰਡੀ ਕਰਕੇ ਕਾਂਗਰਸ ਪਾਰਟੀ ਹੋਰ ਵੀ ਮਜਬੂਤ ਹੋਵੇਗੀ ।
ਇਸ ਮੌਕੇ ਰਮੇਸ਼ ਡਡਵਿੰਡੀ ਵੱਲੋਂ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਸ਼ੇਸ਼ ਤੌਰ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਪਾਰਟੀ ਨੇ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਹ ਪੂਰੀ ਤਨਦੇਹੀ ਨਾਲ ਉਸ ਤੇ ਮਿਹਨਤ ਕਰਨਗੇ ਤੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣਗੇ। ਉਹਨਾਂ ਕਿਹਾ ਕਿ ਉਹ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੇ ਹਲਕੇ ਨਾਲ ਸਬੰਧ ਰੱਖਦੇ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੇ ਹਲਕੇ ਦੀ ਪ੍ਰਤੀਨਿਧਤਾ ਮੇਰੇ ਬਹੁਤ ਹੀ ਨਿਧੜਕ ਅਤੇ ਬੇਦਾਗ ਨੇਤਾ ਸਤਿਕਾਰਯੋਗ ਨਵਤੇਜ ਸਿੰਘ ਚੀਮਾ ਜੀ ਕਰਦੇ ਹਨ।
ਉਹਨਾਂ ਕਿਹਾ ਕਿ ਇਸ ਵਾਰ ਕਾਂਗਰਸ ਚੋਣਾਂ ਵਿਚ ਆਪਣੀਆਂ ਸਾਰੀਆਂ ਸੀਟਾਂ ਤੇ ਖਰੀ ਉਤਰੇਗੀ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਨੂੰ ਨਸ਼ਾ ਰਹਿਤ ਕਰਨਾ ਸਾਡੀ ਕਾਂਗਰਸ ਪਾਰਟੀ ਦੀ ਜ਼ਿਮੇਂਦਾਰੀ ਬਣਦੀ ਹੈ ਅਤੇ ਅਸੀਂ ਸਾਰੇ ਰਲ਼ ਕੇ ਕੰਮ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।






