ਮੌਸਮ ਵਿਭਾਗ ਨੇ ਉੱਤਰ ਤੇ ਮੱਧ ਭਾਰਤ ਦੇ ਕਈ ਸੂਬਿਆਂ ਵਿੱਚ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਇਸ ਦੇ ਨਾਲ ਹੀ ਪਹਾੜਾਂ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਨਾਲ ਠੰਡ ਵਧੇਗੀ। ਮੌਸਮ ਵਿਭਾਗ (IMD) ਮੁਤਾਬਕ 1 ਤੋਂ 6 ਦਸੰਬਰ ਦਰਮਿਆਨ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਪੂਰੇ ਉੱਤਰ-ਮੱਧ ਭਾਰਤ ‘ਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਆਰ ਕੇ ਜੇਨਾਮਾਨੀ ਮੁਤਾਬਕ 2-3 ਦਸੰਬਰ ਦੇ ਨੇੜੇ-ਤੇੜੇ ਵੈਸਟਰਨ ਡਿਸਟਰਬੈਂਸ ਕਰਕੇ ਉੱਤਰੀ ਭਾਰਤ ਤੇ ਪਹਾੜਾਂ ਵਿੱਚ ਮੀਂਹ ਪਏਗਾ। ਹਵਾਵਾਂ ਚੱਲਣਗੀਆਂ, ਜਿਸ ਨਾਲ ਪ੍ਰਦੂਸ਼ਣ ਅਤੇ ਧੂੰਏਂ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।

ਇਸ ਤੋਂ ਬਾਅਦ ਇੱਕ ਹੋਰ ਵੈਸਟਰਨ ਡਿਸਟਰਬੈਂਸ ਕਰਕੇ 5-6 ਦਸੰਬਰ ਨੂੰ ਦਿੱਲੀ ਵਿੱਚ ਮੀਂਹ ਪਏਗਾ। 2 ਦਸੰਬਰ ਨੂੰ ਐੱਨਸੀਆਰ ‘ਚ ਇਕ-ਦੋ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। 5-6 ਦਸੰਬਰ ਨੂੰ ਮੀਂਹ ਦੀ ਸੰਭਾਵਨਾ ਵੱਧ ਹੈ। ਇਸ ਦੌਰਾਨ ਪਹਾੜਾਂ ਅਤੇ ਮੈਦਾਨੀ ਇਲਾਕਿਆ ਵਿੱਚ ਮੀਂਹ ਪਏਗਾ। ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪਏਗਾ।
ਇਸ ਦੇ ਨਾਲ ਹੀ ਗੁਜਰਾਤ ਵਿੱਚ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਕੋਂਕਣ, ਮੱਧ ਮਹਾਰਾਸ਼ਟਰ ਵਿੱਚ ਵੀ ਮੀਂਹ ਪਵੇਗਾ। ਇਸ ਦੌਰਾਨ 1-2 ਦਸੰਬਰ ਨੂੰ ਮੁੰਬਈ ‘ਚ ਹਲਕੀ ਬਾਰਿਸ਼ ਹੋਵੇਗੀ।






