
ਮਾਨਸ 28 ਨਵੰਬਰ,( ਗੁਰਜੰਟ ਸਿੰਘ ਬਾਜੇਵਾਲੀਆ) ਐਨ ਐਚ ਐਮ ਕਰਮਚਾਰੀਆਂ ਵਿੱਚ 30 ਤਾਰੀਖ ਦੀ ਖਰੜ ਵਿਖੇ ਰੋਸ ਰੈਲੀ ਲਈ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਵਿੰਦਰ ਕੁਮਾਰ,ਪ੍ਧਾਨ ਐਨ ਐਚ ਐਮ ਇੰਪਲਾਇਜ ਯੂਨੀਅਨ ਮਾਨਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ 36000 ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਫੋਕੇ ਦਾਅਵੇ ਕਰ ਰਹੇ ਹਨ ਅਤੇ ਸੜਕਾਂ ਤੇ ਵੱਡੇ ਵੱਡੇ ਹੋਰਡਿੰਗ ਲਗਾ ਕੇ ਪੰਜਾਬ ਦੇ ਲੋਕਾਂ ਅਤੇ ਕੱਚੇ ਮੁਲਾਜਮਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਪਰੰਤੂ ਦੂਜੇ ਪਾਸੇ ਸੜਕਾਂ ਤੇ ਆਪਣੇ ਦੁੱਖੜੇ ਸੁਣਾਉਣ ਪਹੁੰਚੇ ਨਿਹੱਥੇ ਕੱਚੇ ਕਰਮਚਾਰੀਆਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ਅਤੇ ਸਟੇਜਾਂ ਤੋਂ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਇਸ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਮੰਤਰੀਆਂ ਦੇ ਘਿਰਾਓ ਕਰਕੇ ਫੋਕੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜਿਹਾ ਅਣਮਨੁੱਖੀ ਕਾਰਨਾਮਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਹੈ। ਇਸ ਮੌਕੇ ਅਵਤਾਰ ਸਿੰਘ ਸਰਪਰਸਤ ਐਨ ਐਚ ਐਮ ਯੂਨੀਅਨ ਪੰਜਾਬ ਨੇ ਕਿਹਾ ਕਿ ਮਿਤੀ 30-11-2021 ਨੂੰ ਖਰੜ ਵਿਖੇ ਵੱਡੀ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ। ਇਸ ਮੌਕੇ ਜਗਦੇਵ ਸਿੰਘ ਮਾਨ ਸੂਬਾਈ ਆਗੂ ਨੇ ਕਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕੱਚੇ ਮੁਲਾਜਮਾਂ ਦੇ ਮੂੰਹ ਬੰਦ ਕਰਨ ਲਈ ਡਰਾਵੇ ਦੇ ਕੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ , ਉਹਨਾਂ ਕਿਹਾ ਸਰਕਾਰ ਦੇ ਮੰਤਰੀ ਕੱਚੇ ਮੁਲਾਜਮਾਂ ਨੂੰ ਡਰਾਵੇ ਦੇਣ ਦੀ ਬਜਾਏ ਉਹਨਾਂ ਨੂੰ ਰੈਗੂਲਰ ਕਰਵਾਉਣ ਲਈ ਜੋਰ ਲਗਾਉਣ ਤਾਂ ਕਿ ਮੁਲਾਜਮਾਂ ਨੂੰ ਰੋਸ ਪਰਗਟ ਕਰਨ ਲਈ ਸੜਕਾਂ ਤੇ ਨਾ ਆਉਣਾ ਪਵੇ। ਇਸ ਮੌਕੇ ਮਿਨਾਕਸ਼ੀ ਜਿਲਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਐਨ ਐਚ ਐਮ ਕਰਮਚਾਰੀਆਂ ਨੂੰ ਫੌਰੀ ਤੌਰ ਤੇ ਰੈਗੂਲਰ ਕਰਕੇ ਕਰੋਨਾ ਯੋਧਿਆਂ ਦਾ ਬਣਦਾ ਮਾਣ ਸਨਮਾਨ ਬਹਾਲ ਕਰੇ।





