
ਮਲੇਰਕੋਟਲਾ, 25 ਨਵੰਬਰ (.ਹਰਜਿਦਰ ਸਿੰਘ ਕਤਨਾ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਜਿਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਸੇ ਲੜੀ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੇਲਵੇ ਰੋਡ, ਨੇੜੇ ਪੰਜਾਬ ਰਾਜ ਬਿਜਲੀ ਬੋਰਡ ਮਲੇਰਕੋਟਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟਦ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਟਰੱਸਟੀ ਸ. ਜੀ.ਕੇ. ਸਿੰਘ (ਰਿਟਾਇਰਡ ਆਈ.ਏ.ਐਸ.) ਵੱਲੋਂ ਅੱਜ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ, ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮਲੇਰਕੋਟਲਾ ਇਕਾਈ ਤੋਂ ਪ੍ਰਧਾਨ ਜਗਦੀਸ਼ ਸਿੰਘ ਘੁੰਮਣ, ਉਪ-ਪ੍ਰਧਾਨ ਮਨਦੀਪ ਸਿੰਘ ਖੁਰਦ, ਜਰਨਲ ਸਕੱਤਰ ਦਰਸ਼ਨ ਸਿੰਘ ਦਰਦੀ, ਖਜ਼ਾਨਚੀ ਸ੍ਰੀ ਨਰੇਸ਼ ਕੁਮਾਰ ਅਤੇ ਸਮੂਹ ਮਲੇਰਕੋਟਲਾ ਇਕਾਈ ਹਾਜ਼ਿਰ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 50 ਲੈਬੋਰਟਰੀਆਂ ਖੋਲ੍ਹਣ ਦਾ ਟੀਚਾ ਮੀਥਿਆ ਗਿਆ ਹੈ। ਜਿਸ ਸਦਕਾ ਹੁਣ ਤੱਕ 42 ਦੇ ਕਰੀਬ ਲੈਬੋਰਟਰੀਆਂ ਚੱਲ ਰਹੀਆਂ ਹਨ ਅਤੇ ਜਲਦ ਹੀ 6 ਹੋਰ ਲੈਬੋਰਟਰੀਆਂ ਹਰਿਆਣਾ ਦੇ ਵੱਖ-ਵੱਖ ਜ਼ਿਿਲ੍ਹਆਂ ‘ਚ ਖੋਲ੍ਹੀਆ ਜਾਣਗੀਆਂ। ਡਾ. ਓਬਰਾਏ ਨੇ ਕਿਹਾ ਕਿ ਇਨ੍ਹਾਂ ਲੈਬੋਰਟਰੀਆਂ ਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੋਇਆ ਜਿਨ੍ਹਾਂ ਲਈ ਆਪਣੀ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣਾ ਅੱਜ ਦੇ ਸਮੇਂ ਦੌਰਾਨ ਬਹੁਤ ਮਹਿੰਗਾ ਹੋਇਆ ਪਿਆ ਹੈ ਅਤੇ ਹੁਣ ਉਹ ਸੌਖੇ ਤਰੀਕੇ ਨਾਲ ਆਪਣਾ ਟੈਸਟ ਕਰਵਾ ਕੇ ਟਰੱਸਟ ਦੀਆਂ ਸਹੂਲਤਾਵਾਂ ਦਾ ਲਾਭ ਉਠਾ ਰਹੇ ਹਨ।






