
ਨਾਭਾ: Sukhchain Singh Lubana ਪੰਜਾਬ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਵੱਡੀ ਤਾਦਾਦ ਵਿਚ ਕਿਸਾਨ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਰਹੇ ਹਨ। ਇਸ ਅੱਗ ਦੇ ਨਾਲ ਜਿਥੇ ਸਾਹ ਦੀ ਬਿਮਾਰੀ ਅਤੇ ਅਨੇਕਾਂ ਹੀ ਐਕਸੀਡੈਂਟ ਹੋ ਰਹੇ ਹਨ ਉਥੇ ਹੀ ਅੱਗ ਲਗਾਉਣ ਦੇ ਨਾਲ ਜਿੱਥੇ ਜ਼ਮੀਨ ਦੀ ਤਾਕਤ ਘਟ ਰਹੀ ਹੈ ਉੱਥੇ ਹੀ ਜੀਵ ਜੰਤੂ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਰ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਅਬਜਿੰਦਰ ਸਿੰਘ ਗਰੇਵਾਲ ਕਿਸਾਨ ਵੱਲੋਂ ਪਿਛਲੇ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਅੱਗ ਹੀ ਨਹੀਂ ਲਗਾਈ ਆਪਣੇ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰ ਕੇ ਵਧੀਆ ਮੁਨਾਫ਼ਾ ਕਮਾ ਰਿਹਾ ਹੈ, ਅਬਜਿੰਦਰ ਗਰੇਵਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਇਕ ਵੱਖਰੀ ਮਿਸਾਲ ਪੈਦਾ ਕਰ ਰਿਹਾ ਹੈ। ਜਿੱਥੇ ਪੰਜਾਬ ਦੇ ਕਿਸਾਨ ਹੁਣ ਡੀਏਪੀ ਦੀ ਕਮੀ ਤੋਂ ਡਾਹਢੇ ਪ੍ਰੇਸ਼ਾਨ ਹਨ ਉੱਥੇ ਹੀ ਅਬਜਿੰਦਰ ਸਿੰਘ ਗਰੇਵਾਲ ਵੱਲੋਂ ਕਦੇ ਵੀ ਆਪਣੇ ਖੇਤ ਵਿੱਚ ਕਿਸੇ ਵੀ ਕਿਸਮ ਦੀ ਖਾਦ ਦਾ ਇਸਤੇਮਾਲ ਨਹੀਂ ਕੀਤਾ।ਅਬਜਿੰਦਰ ਗਰੇਵਾਲ ਦੇ ਇਸ ਉਪਰਾਲੇ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਹੋਰ ਕਿਸਾਨ ਸੋਚਦੇ ਹਨ ਕਿ ਉਹ ਵੀ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਣਗੇ।
ਇਹ ਹੈ ਨਾਭਾ ਬਲਾਕ ਦਾ ਪਿੰਡ ਨਾਨੋਕੀ ਜਿੱਥੇ ਕਿਸਾਨ ਅਬਜਿੰਦਰ ਸਿੰਘ ਗਰੇਵਾਲ ਜੋ ਵਾਤਾਵਰਨ ਪ੍ਰੇਮੀ ਦੇ ਨਾਲ ਜਾਣਿਆ ਜਾਂਦਾ ਹੈ। ਕਿਸਾਨ ਅਬਜਿੰਦਰ ਗਰੇਵਾਲ ਪਿਛਲੇ ਵੀਹ ਸਾਲਾਂ ਤੋਂ ਆਪਣੀ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਕੇ ਵਧੀਆ ਮੁਨਾਫਾ ਕਮਾ ਰਿਹਾ ਹੈ। ਜਿੱਥੇ ਪੰਜਾਬ ਦੇ ਕਿਸਾਨ ਅੱਜ ਪਰਾਲੀ ਨੂੰ ਅੱਗ ਲਗਾਉਣ ਵਿੱਚ ਮੋਹਰੀ ਸਾਬਤ ਹੋ ਰਿਹਾ ਹੈ ਉੱਥੇ ਅਬਜਿੰਦਰ ਗਰੇਵਾਲ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਦੇ ਵਿੱਚ ਹੀ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਅਬਜਿੰਦਰ ਗਰੇਵਾਲ ਵੱਲੋਂ ਭਾਵੇਂ ਕਣਕ ਦੀ ਖੇਤੀ ਹੋਵੇ ਭਾਵੇਂ ਝੋਨੇ ਦੀ ਭਾਵੇਂ ਸਬਜ਼ੀਆਂ ਦੀ ਖੇਤੀ ਹੋਵੇ ਹਰ ਇੱਕ ਫ਼ਸਲ ਔਰਗੈਨਿਕ ਤਰੀਕੇ ਨਾਲ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਪਰਾਲੀ ਨੂੰ ਅੱਗ ਲਗਾਵਾਂਗੇ ਤਾਂ ਜਿੱਥੇ ਲੋਕਾਂ ਨੂੰ ਬਿਮਾਰੀਆਂ ਦੇ ਨਾਲ ਜੂਝਣਾ ਪਵੇਗਾ ਉੱਥੇ ਹੀ ਧਰਤੀ ਦੀ ਤਾਕਤ ਵੀ ਘਟੇਗੀ ਅਤੇ ਜੀਵ ਜੰਤੂ ਵੀ ਮਰ ਜਾਣਗੇ। ਇਸ ਕਰਕੇ ਉਹ ਮਹਿੰਗੇ ਭਾਅ ਦੀ ਡੀਏਪੀ ਖਾਦ ਤੋਂ ਪ੍ਰਹੇਜ਼ ਕਰਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ।
ਇਸ ਮੌਕੇ ਤੇ ਕਿਸਾਨ ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਇਹ ਖੇਤੀ ਪਿਛਲੇ ਵੀਹ ਪੱਚੀ ਸਾਲਾਂ ਤੋਂ ਕਰ ਰਿਹਾ ਅਤੇ ਕਰੀਬ ਵੀਹ ਸਾਲਾਂ ਤੋਂ ਮੈਂ ਖੇਤਾਂ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਹੀ ਨਹੀਂ ਲਗਾਈ ਅਤੇ ਜਦੋਂ ਦੀ ਮੈਂ ਔਰਗੈਨਿਕ ਖੇਤੀ ਕਰਨ ਲੱਗੇ ਹਾਂ ਮੈਂ ਵਧੀਆ ਮੁਨਾਫਾ ਵੀ ਕਮਾ ਰਿਹਾ ਹਾਂ। ਪਰ ਸਰਕਾਰਾਂ ਵੀ ਕਿਸਾਨਾਂ ਦੀ ਬਾਂਹ ਫੜਨ ਕਿਉਂਕਿ ਜੇਕਰ ਸਰਕਾਰਾਂ ਕਿਸਾਨਾਂ ਦਾ ਸਾਥ ਦੇਣਗੇ ਤਾਂ ਹੀ ਕਿਸਾਨ ਬਚ ਸਕਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਨਾਲ ਦਿਨੋਂ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਤੇ ਕਿਸਾਨ ਰਾਜਿੰਦਰ ਸਿੰਘ ਅਤੇ ਕਿਸਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ਅਬਜਿੰਦਰ ਗਰੇਵਾਲ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਅਸੀਂ ਵੀ ਸੇਧ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਪਰਾਲੀ ਨੂੰ ਸਾੜਨ ਅਤੇ ਵਾਤਾਵਰਨ ਨੂੰ ਬਚਾਈਏ। ਪਰ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਲਈ ਮਸ਼ੀਨਰੀ ਮੁਹੱਈਆ ਨਹੀਂ ਕਰਵਾਉਂਦੀ ਹੈ ਜਿਸ ਕਰਕੇ ਕਿਸਾਨ ਮਜਬੂਰਨ ਹੋ ਕੇ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋ ਰਹੇ ਹਨ।
ਕਿਸਾਨ ਅਬਜਿੰਦਰ ਸਿੰਘ ਗਰੇਵਾਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਦੂਰ-ਦੂਰ ਤਕ ਸ਼ਲਾਘਾ ਹੋ ਰਹੀ ਹੈ ਅਤੇ ਅਬਜਿੰਦਰ ਗਰੇਵਾਲ ਵੱਲੋਂ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਇਕ ਵੱਡੀ ਮੁਹਿੰਮ ਚਲਾਈ ਗਈ ਹੈ। ਉਹ ਹੈ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣਾ, ਕਿਸਾਨ ਅਬਜਿੰਦਰ ਗਰੇਵਾਲ ਨੂੰ ਸਲਾਮ ਹੈ ਜਿਨ੍ਹਾਂ ਵੱਲੋਂ ਇਕ ਆਪਣੀ ਵੱਖਰੀ ਪਹਿਚਾਣ ਬਣਾ ਕੇ ਵਾਤਾਵਰਨ ਨੂੰ ਕਾਇਮ ਰੱਖਿਆ ਹੋਇਆ ਹੈ।






