ਫਿਰੋਜ਼ਪੁਰ: ਹਲਕਾ ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਸਿੰਘ ਨੋਨੀ ਮਾਨ ਉੱਪਰ ਫਾਇਰਿੰਗ ਹੋਈ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚੇ ਹਨ। ਇਸ ਦਾ ਪਤਾ ਲੱਗਦਿਆਂ ਹੀ ਸੰਸਦ ਮੈਂਬਰ ਹਰਸਿਮਰਤ ਬਾਦਲ ਸਾਰੇ ਪ੍ਰੋਗਰਾਮ ਰੱਦ ਕਰਕੇ ਐਸਐਸਪੀ ਦਫਤਰ ਪਹੁੰਚੇ ਹਨ।
ਦਰਅਸਲ ਅਕਾਲੀ ਦਲ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਹਰਸਿਮਰਤ ਬਾਦਲ ਅੱਜ ਫਿਰੋਜ਼ਪੁਰ ਪਹੁੰਚੇ ਸੀ। ਇਸ ਦੌਰਾਨ ਹੀ ਨੋਨੀ ਮਾਨ ਉੱਪਰ ਫਿਰੋਜ਼ਪੁਰ ਦੇ ਮਖੂ ਗੇਟ ਕੋਲ ਹਮਲਾ ਹੋਇਆ।

ਫਿਰੋਜ਼ਪੁਰ ਵਿੱਚ ਹਰਸਿਮਰਤ ਬਾਦਲ ਦਾ ਜ਼ਬਰਦਸਤ ਵਿਰੋਧ ਹੋਇਆ। ਲੋਕਾਂ ਨੇ ਹਰਸਿਮਰਤ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਇਸ ਮੌਕੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਪਿਛਲੇ ਢਾਈ ਸਾਲ ਤੋਂ ਕਿੱਥੇ ਸੀ। ਲੋਕਾਂ ਨੇ ਸੁਖਬੀਰ ਬਾਦਲ ਨੂੰ ਵੀ ਭਗੌੜਾ ਕਰਾਰ ਦਿੱਤਾ। ਇਸ ਦੌਰਾਨ ਕਾਫੀ ਤਲਖੀ ਵਾਲਾ ਮਾਹੌਲ ਬਣ ਗਿਆ। ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਹ ਸਭ ਕਾਂਗਰਸ ਦੀ ਸ਼ਰਾਰਤ ਹੈ। ਕਾਂਗਰਸੀ ਜਾਣਬੁੱਝ ਕੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਵਿਘਣ ਪਾ ਰਹੇ ਹਨ।
ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ (ਅਕਾਲੀ ਦਲ) ਅਤੇ ਕਿਸਾਨ ਆਗੂ ਆਹਮੋ-ਸਾਹਮਣੇ ਆ ਗਏ। ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਨੂੰ ਦੇਖਦਿਆਂ ਸਾਬਕਾ ਅਕਾਲੀ ਵਿਧਾਇਕ ਦਾ ਡਰਾਈਵਰ ਕਾਰ ਭਜਾ ਕੇ ਲੈ ਗਿਆ ਅਤੇ ਇਸ ਦੌਰਾਨ ਕਿਸਾਨ ਬੋਨੱਟ ’ਤੇ ਚੜ੍ਹ ਗਏ।
ਅੱਗੇ ਖੜ੍ਹੇ ਕਿਸਾਨਾਂ ਨੇ ਗੱਡੀ ਨੂੰ ਘੇਰ ਕੇ ਭੰਨਤੋੜ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦੇ ਦੋਸ਼ ਲੱਗੇ ਹਨ ਅਤੇ ਕੁਝ ਕਿਸਾਨ ਜ਼ਖਮੀ ਵੀ ਹੋਏ ਹਨ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਖੁਦ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਦਫ਼ਤਰ ਨੂੰ ਦਿੱਤੀ ਹੈ






