17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੇਡ ਮੰਤਰੀ ਪਰਗਟ ਸਿੰਘ ਵੱਲੋਂ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ

ਖੇਡ ਮੰਤਰੀ ਪਰਗਟ ਸਿੰਘ ਵੱਲੋਂ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ

ਪਟਿਆਲਾ, 1 ਨਵੰਬਰ:

ਪੰਜਾਬ ਦੇ ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦੇ ਮੰਤਰੀ ਸ. ਪਰਗਟ ਸਿੰਘ ਅੱਜ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ ਲਈ ਇੱਥੇ ਬਡੂੰਗਰ ਸਥਿਤ ਇੱਕ ਨਿਜੀ ਹਸਪਤਾਲ ‘ਚ ਪੁੱਜੇ। ਉਨ੍ਹਾਂ ਨੇ ਇਸ ਮੌਕੇ ਸ. ਕੌਰ ਸਿੰਘ, ਜੋਕਿ ਪਦਮਸ੍ਰੀ, ਅਰਜੁਨ ਅਵਾਰਡ ਅਤੇ ਵਿਸ਼ਿਸਟ ਸੈਨਾ ਮੈਡਲ ਨਾਲ ਸਨਮਾਨਤ, ਮੁੱਕੇਬਾਜੀ ਦੇ ਕੌਮਾਂਤਰੀ ਖਿਡਾਰੀ ਹਨ ਅਤੇ ਸਰੀਰਕ ਪੱਖੋਂ ਠੀਕ ਨਾ ਹੋਣ ਕਾਰਨ ਇਲਾਜ ਅਧੀਨ ਹਨ, ਦਾ ਹਾਲ-ਚਾਲ ਜਾਣਿਆ। ਜਿਕਰਯੋਗ ਹੈ ਕਿ ਸ. ਕੌਰ ਸਿੰਘ 1982 ਏਸ਼ੀਅਨ ਗੇਮਜ ਗੋਲਡ, ਏਸ਼ੀਅਨ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਮੁਕੇਬਾਜ ਹਨ।

ਖੇਡਾਂ ਤੇ ਯੁਵਕ ਭਲਾਈ, ਉਚੇਰੀ ਸਿੱਖਿਆ ਤੇ ਭਾਸ਼ਾ, ਸਕੂਲ ਸਿੱਖਿਆ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਸ. ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਪੰਜਾਬ ਸਰਕਾਰ ਸ. ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।

ਸ. ਪਰਗਟ ਸਿੰਘ ਨੇ ਸ. ਕੌਰ ਸਿੰਘ ਨਾਲ 1996 ਉਲੰਪਿਕ ਖੇਡਾਂ ਦੇ ਸਮੇਂ ਦੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸ. ਕੌਰ ਸਿੰਘ ਦੀ ਸੁਪਤਨੀ ਬਲਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਜਿਹੇ ਮਾਣਮੱਤੇ ਤੇ ਚਾਨਣ ਮੁਨਾਰੇ ਖਿਡਾਰੀਆਂ ਦੇ ਸਦਾ ਨਾਲ ਹੈ।

ਖੇਡ ਮੰਤਰੀ ਨੇ ਸ. ਕੌਰ ਸਿੰਘ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਦੇ ਮੈਂਬਰ, ਡਾ. ਹਰਸ਼ਵਰਧਨ ਖੁਰਾਣਾ, ਡਾ. ਇੰਦਰਜੀਤ ਕੌਰ ਤੇ ਡਾ. ਐਮ.ਐਸ. ਆਹਲੂਵਾਲੀਆ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਸ. ਕੌਰ ਸਿੰਘ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਪਟਿਆਲਾ ਐਸ.ਪੀ. ਸਿਟੀ ਸ. ਹਰਪਾਲ ਸਿੰਘ, ਜੋ ਕਿ ਖ਼ੁਦ ਮੁੱਕੇਬਾਜੀ ਦੇ ਕੌਮਾਂਤਰੀ ਖਿਡਾਰੀ ਹਨ, ਨੂੰ ਵਿਸ਼ੇਸ਼ ਤੌਰ ‘ਤੇ ਸ. ਕੌਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਖਿਆਲ ਰੱਖਣ ਲਈ ਆਖਿਆ।

——-
ਫੋਟੋ ਕੈਪਸ਼ਨ-ਪੰਜਾਬ ਦੇ ਖੇਡ ਮੰਤਰੀ ਸ. ਪਰਗਟ ਸਿੰਘ, ਪਟਿਆਲਾ ਦੇ ਇੱਕ ਨਿਜੀ ਹਸਪਤਾਲ ‘ਚ ਦਾਖਲ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦਾ ਹਾਲ-ਚਾਲ ਜਾਣਦੇ ਹੋਏ।

Today Now News

RELATED ARTICLES
- Advertisment -

POPULAR POSTS