17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ - ਕੈਪਟਨ

ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ – ਕੈਪਟਨ

ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਹ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੇ ਹਨ।

ਕੈਪਟਨ ਨੇ ਪ੍ਰੈੱਸ ਕਾਨਫਰੰਸ ਦੇ ਸ਼ੁਰੂ ਵਿੱਚ ਪੱਤਰਕਾਰਾਂ ਨਾਲ ਇੱਕ ਦਸਤਾਵੇਜ਼ ਸਾਂਝਾ ਕੀਤਾ।

ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਤੁਲਨਾ ਵਿੱਚ ਕੀ ਕੁਝ ਹਾਸਲ ਕੀਤਾ ਅਤੇ ਉਸ ਤੋਂ ਇਲਾਵਾ ਹੋਰ ਕੀ ਕੁਝ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਅਰਸੇ ਦੌਰਾਨ ਚੋਣ ਮਨੋਰਥ ਪੱਤਰ ਦੇ 70 ਫ਼ੀਸਦੀ ਵਾਅਦੇ ਪੂਰੇ ਕੀਤੇ।

18 ਨੁਕਾਤੀ ਪ੍ਰੋਗਰਾਮ ਬਾਰੇ ਉਨਾਂ ਨੇ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਵਿੱਚੋਂ ਹੀ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਖੜਗੇ ਕਮੇਟੀ ਨੂੰ ਵੀ ਦਿਖਾਇਆ ਸੀ ਕਿ ਇਹ ਤਾਂ ਹੋ ਚੁੱਕੇ ਹਨ।

ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਦੇ ਹੀ ਕੈਪਟਨ ਦਾ ਰੁੱਖ ਪਾਰਟੀ ਪ੍ਰਤੀ ਹਮਲਾਵਰ ਰਿਹਾ ਹੈ।

ਸਕਿਊਰਿਟੀ ਨੂੰ ਲੈ ਕੇ ਉੱਠੇ ਸਵਾਲਾਂ ‘ਤੇ ਕੀ ਕਿਹਾ
ਰੱਖਿਆ ਮਸਲਿਆਂ ਬਾਰੇ ਆਪਣੇ ਉੱਪਰ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਕਿਹਾ, ”ਮੇਰੀ ਮੁਢਲੀ ਸਿਖਲਾਈ ਇੱਕ ਫ਼ੌਜੀ ਦੀ ਰਹੀ ਹੈ।”

ਮੈਂ ਸਾਢੇ ਨੌਂ ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਕੋਈ ਵਿਅਕਤੀ ਜੋ ਇੱਕ ਮਹੀਨੇ ਤੋਂ ਗ੍ਰਹਿ ਮੰਤਰੀ ਹੈ ਕਹਿ ਰਿਹਾ ਹੈ ਕਿ ਉਸ ਨੂੰ ਮੇਰੇ ਨਾਲ਼ੋਂ ਜ਼ਿਆਦਾ ਪਤਾ ਹੈ।

ਪੰਜਾਬ ਦਾ ਮੁੱਖ ਮੰਤਰੀ ਹੁੰਦਿਆ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਭਾਰਤ ਸਰਕਾਰ ਨਾਲ ਮਸਲੇ ਵਿਚਾਰਾਂ।

ਸਾਡੀ ਸਰਕਾਰ ਤੋਂ ਪਹਿਲਾਂ ਤਾਰ ਦੇ ਥੱਲੇ ਦੀ ਸੁਰੰਗ ਰਾਹੀਂ ਜਾਂ ਨਦੀਆਂ ਰਾਹੀਂ ਹਥਿਆਰ ਅਤੇ ਹੈਰੋਇਨ ਇੱਧਰ ਪਹੁੰਚਾਏ ਜਾਂਦੇ ਸਨ।

ਫਿਰ ਬਾਅਦ ਵਿੱਚ ਡਰੋਨ ਦੀ ਵਰਤੋਂ ਸ਼ੁਰੂ ਹੋਈ।

ਤਕਨੀਕ ਦੇ ਵਿਕਾਸ ਨਾਲ ਡਰੋਨ ਦੀ ਸਮਰੱਥਾ ਵਧ ਰਹੀ ਹੈ ਕੀ ਪਤਾ ਕੱਲ ਨੂੰ ਇਹ ਚੰਡੀਗੜ੍ਹ ਪਹੁੰਚ ਜਾਣ।

ਸ਼ੁਰੂ ਵਿੱਚ ਡਰੋਨ ਏਕੇ-47, ਲਾਈਟ ਮਸ਼ੀਨ ਗੰਨ, ਹੈਰੋਇਨ, ਹੈਂਡਗਰੇਨੇਡ ਤੇ ਨਗਦੀ ਵਗੈਰਾ ਲੈ ਕੇ ਆਉਂਦੇ ਸਨ।

ਜੋ ਕੁਝ ਅਸੀਂ ਫੜ ਸਕੇ ਉਹ ਤਾਂ ਠੀਕ ਹੈ ਪਰ ਮੈਨੂੰ ਫਿਕਰ ਹੈ ਕਿ ਜੋ ਨਹੀਂ ਫੜੇ ਗਏ ਉਹ ਕਿੱਥੇ ਹਨ ਅਤੇ ਉਨ੍ਹਾਂ ਨਾਲ ਕੀ ਕੀਤਾ ਜਾਣਾ ਹੈ।

ਉਨ੍ਹਾਂ ਨੇ ਕਿਹਾ ਕਿ ਬੀਐੱਸੈਫ਼ ਪੰਜਾਬ ਵਿੱਚ ਸਾਡੇ ਤੋਂ ਪ੍ਰਸ਼ਾਸਨ ਖੋਹਣ ਨਹੀਂ ਆਈ ਸਗੋਂ ਮਦਦ ਲਈ ਆਈ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਡਰੋਨ 31 ਕਿੱਲੋਮੀਟਰ ਤੱਕ ਅੰਦਰ ਆ ਰਹੇ ਹਨ। ਇਸੇ ਦੇ ਮੱਦੇਨਜ਼ਰ ਬੀਐੱਸਐੱਫ਼ ਦਾ ਕਾਰਜਖੇਤਰ ਪੰਜਾਬ ਵਿੱਚ 50 ਕਿੱਲੋਮੀਟਰ ਵਧਾਇਆ ਗਿਆ ਹੈ।

ਨਵੀਂ ਪਾਰਟੀ ਬਣਾਉਣ ਬਾਰੇ ਕੀ ਬੋਲੇ
ਆਪਣੀ ਸਿਆਸੀ ਪਾਰਟੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਚੋਣ ਕਮਿਸ਼ਨ ਨਾਲ ਸਪੰਰਕ ਵਿੱਚ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਸਭ ਕੁਝ ਤੈਅ ਹੋ ਜਾਵੇਗਾ ਤਾਂ ਉਹ ਪਾਰਟੀ ਦੇ ਨਾਮ ਅਤੇ ਚਿੰਨ੍ਹ ਬਾਰੇ ਐਲਾਨ ਕੀਤਾ ਜਾਵੇਗਾ।

ਭਾਜਪਾ ਨਾਲ ਗਠਜੋੜ ਕਰਨ ਦੀ ਗੱਲ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਨਾਲ ਸੀਟ ਸ਼ੇਅਰ ਕਰਨਗੇ, ਪਰ ਗਠਜੋੜ ਨਹੀਂ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਡੀ ਪਾਰਟੀ ਸਾਰੀਆਂ 117 ਸੀਟਾਂ ਉੱਪਰ ਚੋਣਾਂ ਲੜੇਗੀ। ਉਹ ਭਾਵੇਂ ਅਸੀਂ ਸੀਟਾਂ ਦੀ ਵੰਡ ਨਾਲ ਲੜੀਏ ਜਾਂ ਇੱਕਲੇ ਪਰ ਅਸੀਂ ਲੜਾਂਗੇ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਆਗੂ ਵੀ ਉਨ੍ਹਾਂ ਦੇ ਨਾਲ ਆਉਣਗੇ। ਇਸੇ ਕਾਰਨ ਰਾਹੁਲ ਗਾਂਧੀ ਮੇਰੇ ਵੱਲੋਂ ਪਾਰਟੀ ਬਣਾਏ ਜਾਣ ਦੇ ਐਲਾਨ ਮਗਰੋਂ ਇੱਕ ਤੋਂ ਬਾਅਦ ਇੱਕ ਬੈਠਕਾਂ ਕਰ ਰਹੇ ਹਨ।

ਕੈਪਟਨ ਵੱਲੋਂ ਦਿੱਤੇ ਗਏ ਸੀ ਸੰਕੇਤ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਹਮਾਇਤੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਕੈਪਟਨ ਨੇ ਸੰਕੇਤ ਦਿੱਤੇ ਸਨ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲਈ ਨਵੀਂ ਪਾਰਟੀ ਬਣਾਉਣਗੇ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਹਮਖ਼ਿਆਲ ਅਕਾਲੀਆਂ ਅਤੇ ਜੇ ਕਿਸਾਨ ਅੰਦੋਲਨ ਦਾ ਅੰਜਾਮ ਕਿਸਾਨਾਂ ਦੇ ਪੱਖ ਵਿੱਚ ਹੁੰਦਾ ਹੈ ਤਾਂ ਉਹ ਭਾਜਪਾ ਨਾਲ ਵੀ ਹੱਥ ਮਿਲਾ ਸਕਦੇ ਹਨ।

ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਕੈਪਟਨ ਦੇ ਕਾਰਜਕਾਲ ਦੌਰਾਨ ਸਿੱਧੂ ਲਗਾਤਾਰ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਆਏ ਹਨ। ਕੈਪਟਨ ਵੱਲੋਂ ਲਾਈਆਂ ਸ਼ਿਕਾਇਤਾਂ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਦਾ ਸਿੱਧੂ ਨੂੰ ਥਾਪੜਾ ਰਿਹਾ ਅਤੇ ਆਖ਼ਰ ਸਿੱਧੂ ਨੂੰ ਕੈਪਟਨ ਦੇ ਮਰਜ਼ੀ ਦੇ ਉਲਟ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ।

ਫਿਰ ਉਹੀ ਹੋਇਆ ਜੋ ਕਾਂਗਰਸ ਵਿੱਚ ਸੋਚਿਆ ਨਹੀਂ ਸੀ ਜਾ ਸਕਦਾ, ਸਿੱਧੂ ਨੈ ਕੈਪਟਨ ਦਾ ਤਖ਼ਤਾ ਪਲਟ ਦਿੱਤਾ।

ਬੈਠਕਾਂ ਤੋਂ ਬਾਅਦ ਆਖ਼ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁਕਾਈ ਗਈ।

ਕੈਪਟਨ ਦੀ ਨਵੀਂ ਸਿਆਸੀ ਪਾਰਟੀ ਦਾ ਭਵਿੱਖ ਤਾਂ ਭਵਿੱਖ ਦੱਸੇਗਾ ਪਰ ਇਸ ਐਲਾਨ ਤੋਂ ਬਾਅਦ ਆਉਣ ਵਾਲੇ ਸਿਆਸੀ ਪ੍ਰਤੀਕਰਮਾਂ ਨੂੰ ਦੇਖਣਾ ਵੀ ਦਿਲਚਸਪ ਹੋਵੇਗਾ।
ਮੈਂ ਨਵੀਂ ਪਾਰਟੀ ਬਣਾਉਣ ਜਾ ਰਿਹਾ ਹਾਂ, ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਨਾਮ ਤੇ ਚਿੰਨ੍ਹ ਦਾ ਐਲਾਨ ਕਰਾਂਗੇ- ਕੈਪਟਨ

Today Now News

RELATED ARTICLES
- Advertisment -

POPULAR POSTS