
ਮਾਨਸਾ, 21 ਅਕਤੂਬਰ /ਗੁਰਜੰਟ ਸਿੰਘ ਬਾਜੇਵਾਲੀਆ/: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਆਮ ਬਾਜ਼ਾਰਾਂ ਵਿੱਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਖ਼ੇ, ਆਤਿਸ਼ਬਾਜ਼ੀ ਆਦਿ ਨੂੰ (ਅਣ-ਅਧਿਕਾਰਤ ਤੌਰ ’ਤੇ) ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਮਾਨਸਾ ਅੰਦਰ ਛੋਟੇ ਪਟਾਖ਼ਿਆਂ ਨੂੰ ਵੇਚਣ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਓਹਾਰ ਨਜ਼ਦੀਕ ਆ ਰਿਹਾ ਹੈ ਅਤੇ ਇਸ ਤਿਓਹਾਰ ਨੂੰ ਮਨਾਉਣ ਲਈ ਆਮ ਤੌਰ ’ਤੇ ਲੋਕਾਂ ਵੱਲੋਂ ਪਟਾਖ਼ੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਊਨ੍ਹਾਂ ਕਿਹਾ ਕਿ ਅਜਿਹੇ ਪਟਾਖ਼ਿਆਂ ਨਾਲ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪਟਾਖ਼ੇ ਆਦਿ ਚਲਾਉਣ ਸਮੇਂ ਅੱਗ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ। ਪਾਬੰਦੀ ਅਤੇ ਸਾਵਧਾਨੀ ਤੋਂ ਬਿਨ੍ਹਾਂ ਹੁਣ ਵੀ ਆਮ ਜਨ-ਜੀਵਨ ਅਤੇ ਜਨ ਸੰਪਤੀ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹਾ ਮਾਨਸਾ ਵਿੱਚ ਅਣ-ਅਧਿਕਾਰਤ ਸਥਾਨਾਂ ’ਤੇ ਪਟਾਖ਼ੇ, ਆਤਿਸ਼ਬਾਜ਼ੀ, ਬੰਬ ਦੇ ਬਣਾਉਣ, ਸਟੋਰ ਕਰਨ ਅਤੇ ਖਰੀਦਣ ਤੇ ਵੇਚਣ ਦੀ ਰੋਕਥਾਮ ਕਰਨ ਅਤਿ ਜ਼ਰੂਰੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਵਿੱਚ ਕਿਹਾ ਕਿ ਮਾਨਸਾ ਸਬ-ਡਵੀਜ਼ਨ ਵਿੱਚ ਮਾਨਸਾ ਵਿਖੇ ਖਾਲਸਾ ਹਾਈ ਸਕੂਲ ਦਾ ਗਰਾਊਂਡ ਅਤੇ ਰਮਦਿੱਤੇ ਵਾਲਾ ਚੌਂਕ (ਰੈਡ ਕਰਾਸ ਵਾਲੀ ਜਗ੍ਹਾਂ), ਜੋਗਾ ਵਿਖੇ ਫੋਕਲ ਪੁਆਇੰਟ, ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ (ਗਰਾਊਂਡ ਵਿੱਚ) ਅਤੇ ਰਾਮ ਲੀਲਾ ਗਰਾਊਂਡ ਵਿਖੇ ਪਟਾਖ਼ੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੁਢਲਾਡਾ ਸਬ-ਡਵੀਜ਼ਨ ਵਿੱਚ ਬੁਢਲਾਡਾ ਵਿਖੇ ਰਾਮਲੀਲਾ ਗਰਾਊਂਡ ਅੰਦਰ ਅਤੇ ਗੁਰੂ ਤੇਗ ਬਹਾਦਰ ਸਟੇਡੀਅਮ (ਆਈ.ਟੀ.ਆਈ.), ਬਰੇਟਾ ਵਿਖੇ ਪਸ਼ੂ ਮੇਲਾ ਗਰਾਊਂਡ ਅਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਅਤੇ ਬੋਹਾ ਅੰਦਰ ਪੰਜਾਬ ਮਹਾਂਵੀਰ ਦਲ ਗਰਾਊਂਡ ਵਿਖੇ ਪਟਾਖ਼ੇ ਵੇਚੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਦੂਲਗੜ੍ਹ ਸਬ-ਡਵੀਜ਼ਨ ’ਚ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੱਤਾ ਮਾਲੋਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਝੁਨੀਰ ਵਿਖੇ ਪਟਾਖ਼ੇ ਵੇਚੇ ਜਾ ਸਕਦੇ ਹਨ।
ਊਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਉਪਰੋਕਤ ਦਰਜ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ ਅਤੇ ਵਿੱਦਿਅਕ ਸੰਸਥਾਵਾਂ ਤੇ ਹਸਪਤਾਲਾਂ ਦੇ ਨਜ਼ਦੀਕ ਪਟਾਖ਼ੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਉਪਰੋਕਤ ਨਿਰਧਾਰਿਤ ਥਾਵਾਂ ’ਤੇ ਛੋਟੇ ਪਟਾਖ਼ੇ ਵੇਚਣ ਲਈ ਇਸ ਦਫ਼ਤਰ ਦੀ ਅਸਲਾ ਸ਼ਾਖਾ ਵੱਲੋਂ ਨਿਯਮਾਂ ਅਨੁਸਾਰ ਫੀਸ ਜਮਾਂ ਕਰਵਾ ਕੇ ਦੁਕਾਨਦਾਰਾਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਂਵਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਪਟਾਖ਼ੇ ਵੇਚਣ ’ਤੇ ਪੂਰਨ ਮਨਾਹੀ ਹੋਵੇਗੀ।
ਇਹ ਹੁਕਮ 06 ਨਵੰਬਰ 2021 ਤੱਕ ਲਾਗੂ ਰਹੇਗਾ।






