
ਪਟਿਆਲਾ : ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਇਕ ਗਰੀਬ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਦੀ ਚਾਰ-ਚੁਫੇਰਿਓ ਨਿਖੇਧੀ ਕੀਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਘਟਨਾ ਨੂੰ ਅੰਜਾਮ ਦੇਣਾ ਬੇਹੱਦ ਮੰਦਭਾਗਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆ ਨੇ ਕੀਤਾ।
ਉਨਾਂ ਕਿਹਾ ਨਾ ਤਾਂ ਕੋਈ ਬੇਅਦਬੀ ਕਰਨ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ, ਨਾ ਹੀ ਉਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਨਿਹੰਗ ਸਿੰਘ ਆਪ ਕਹਿ ਰਹੇ ਹਨ ਕਿ ਉਸ ਨੇ ਸਰਬਲੋਹ ਗ੍ਰੰਥ ਦੀ ਪੋਥੀ ਸਾਹਿਬ ਦੀ ਬੇਅਦਬੀ ਕਰਨ ਲੱਗਿਆ ਸੀ। ਫਿਰ ਲੋਕਾਂ ‘ਚ ਇਹ ਰੋਲਾ ਪਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲੱਗਾ ਸੀ।
ਸਾਨੂੰ ਕਿਸ ਨੇ ਹੱਕ ਦਿੱਤਾ ਹੈ ਕਿ ਅਸੀ ਉਸ ਦਾ ਗੁੱਟ ਤੇ ਲੱਤ ਵੱਢ ਕੇ ਉਸ ਨੂੰ ਕਾਂ ਵਾਂਗ ਟੰਗ ਦਈਏ। ਜੇ ਉਸ ਨੂੰ ਸਜ਼ਾ ਦੇਣੀ ਵੀ ਸੀ ਤਾਂ ਉਸ ਨੂੰ ਕਾਨੂੰਨ ਅਨੁਸਾਰ ਦੇਣੀ ਬਣਦੀ ਸੀ ਪਰ ਨਿਹੰਗ ਸਿੰਘਾਂ ਵੱਲੋ ਜਾਰੀ ਵੱਖ-ਵੱਖ ਵੀਡੀਓ ‘ਚ ਸਾਫ ਜਾਹਿਰ ਹੁੰਦਾ ਹੈ ਕਿ ਇਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀ ਕੀਤੀ।
ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਬਿਨਾਂ ਕਿਸੇ ਸੋਚੇ-ਸਮਝੇ ਅਜਿਹੇ ਤਸੀਹੇ ਦੇਣ ਨਾਲ ਸਿੱਖਾਂ ਦਾ ਮਨੋਬਲ ਡਿੱਗਦਾ ਹੈ। ਜਦ ਕਿ ਇਹ ਵਿਅਕਤੀ ਵੀ ਪੰਜਾਬ ਦੇ ਇਕ ਗਰੀਬ ਤੇ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨਾਂ ਦੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਹੈ ਕਿ ਇਹ ਸਾਰੀ ਘਟਨਾਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ, ਤਾਂ ਜੋ ਇਸ ਦਾ ਅਸਲੀ ਕਾਰਨ ਪਤਾ ਲੱਗ ਸਕੇ।



