
ਬਠਿੰਡਾ- ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾਉਂਦਾ ਨਜ਼ਰ ਆ ਰਿਹਾ ਹੈ। ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਬਣਾਂਵਾਲੀ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਇੱਕ ਇੱਕ ਯੂਨਿਟ ਅੱਜ ਹੋਰ ਬੰਦ ਹੋ ਗਏ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕੁੱਲ ਚਾਰ ਯੂਨਿਟ ਹਨ ਜਿਸ ਵਿੱਚੋਂ 1 ਯੂਨਿਟ ਪਹਿਲਾਂ ਹੀ ਬੰਦ ਹਨ ਤੇ ਅੱਜ ਇਕ ਹੋਰ ਯੂਨਿਟ ਹੋ ਗਿਆ ਹੈ। ਮਹਿਜ਼ ਹੁਣ 2ਯੂਨਿਟ ਹੀ ਚਾਲੂ ਹੈ ਜਿਸ ਨੂੰ ਚਲਾਉਣ ਲਈ ਥਰਮਲ ਪਲਾਂਟ ਲਹਿਰਾ ਮੁਹੱਬਤ ਕੋਲ ਮਹਿਜ਼ ਚਾਰ ਦਿਨਾਂ ਦਾ ਕੋਲਾ ਮੁੱਕਿਆ ਹੈ। ਜੇਕਰ ਇਸ ਹਫਤੇ ਦੇ ਅੰਤ ਤੱਕ ਕੋਲਾ ਨਾ ਪਹੁੰਚਿਆ ਤਾਂ ਉਹ ਯੂਨਿਟ ਵੀ ਬੰਦ ਕਰਨਾ ਪਵੇਗਾ, ਜਿਸ ਦੀ ਪੁਸ਼ਟੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।ਇਸ ਦੇ ਨਾਲ ਪੰਜਾਬ ਵਿੱਚ ਚਲਦੇ ਹੋਰ ਥਰਮਲ ਪਲਾਂਟ ਵੀ ਕੋਲੇ ਦੀ ਘਾਟ ਕਾਰਨ ਬੰਦ ਹੋ ਰਹੇ ਹਨ ਜਿਸ ਕਰਕੇ ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।ਪਿੰਡਾਂ ਅਤੇ ਸ਼ਹਿਰਾਂ ਵਿੱਚ ਲੰਬੇ ਕੱਟ ਲੱਗ ਰਹੇ ਹਨ ਜਿਸ ਕਰਕੇ ਹਰ ਪਾਸੇ ਹਾਹਾਕਾਰ ਵੀ ਮਚਦੀ ਹੋਈ ਨਜ਼ਰ ਆ ਰਹੀ ਹੈ।
ਤਲਵੰਡੀ ਸਾਬੋ ਬਣਾਂਵਾਲੀ ਥਰਮਲ ਪਲਾਂਟ ਵਿੱਚ ਤਿੰਨ ਯੂਨਿਟ ਹਨ ਜਿਨ੍ਹਾਂ ਵਿਚੋਂ ਦੋ ਬੰਦ ਹਨ ਅਤੇ ਇਕ ਚਾਲੂ ਹੈ। ਕੋਲੇ ਦੀ ਘਾਟ ਨੂੰ ਮੁੱਖ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਸਰਕਾਰ ਤੱਕ ਵੀ ਪਹੁੰਚ ਕੀਤੀ ਪਰ ਕੋਈ ਮਦਦ ਨਹੀਂ ਮਿਲੀ ਦੇਸ਼ ਵਿੱਚ ਵੀ ਕੋਲੇ ਦੀ ਘਾਟ ਕਰਕੇ ਕਈ ਸੂਬਿਆਂ ਵਿੱਚ ਬਿਜਲੀ ਸੰਕਟ ਸਾਹਮਣੇ ਆ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ ਬਿਜਲੀ ਖਪਤ ਨਾਲੋਂ ਉਤਪਾਦਨ ਮਹਿਜ਼ ਪੈਂਤੀ ਫ਼ੀਸਦੀ ਹੋ ਰਿਹਾ ਹੈ ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਥਰਮਲ ਪਲਾਂਟਾਂ ਕੋਲ ਕੋਲੇ ਦੀ ਘਾਟ ਕਿਵੇਂ ਪੂਰੀ ਹੁੰਦੀ ਹੈ ਅਤੇ ਬਿਜਲੀ ਸੰਕਟ ਤੋਂ ਕਿਵੇਂ ਛੁਟਕਾਰਾ ਮਿਲਦਾ ਹੈ ।





