ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਦੀ ਕਾਂਗਰਸ ਪਾਰਟੀ ਵਿੱਚੋਂ ਛੁੱਟੀ ਹੋ ਸਕਦੀ ਹੈ ਇਹ ਤਾਂ ਅਸੀਂ ਨਹੀਂ ਕਰ ਰਹੇ, ਬਲਕਿ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਵੱਲੋਂ ਵਾਰ ਵਾਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਘੇਰਿਆ ਜਾ ਰਿਹਾ ਹੈ, ਜਿਸ ਦੇ ਕਾਰਨ ਹਾਈ ਕਮਾਨ ਸਿੱਧੂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਹੈ।

ਦੱਸਣਾ ਬਣਦਾ ਹੈ ਕਿ ਸਿੱਧੂ ਦੀ ਹਮਾਇਤ ਵਿੱਚ ਅਸਤੀਫ਼ਾ ਦੇਣ ਵਾਲੀ ਮੰਤਰੀ ਰਜ਼ੀਆ ਸੁਲਤਾਨਾ ਦੇ ਵੱਲੋਂ ਕੱਲ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਗਿਆ, ਜਿਸ ਤੋਂ ਬਾਅਦ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਸੀ ਕਿ ਸਿੱਧੂ ਨੂੰ ਵੀ ਕਾਂਗਰਸ ਹਾਈ ਕਮਾਨ ਵੱਲੋਂ ਅਸਤੀਫ਼ਾ ਨਾ ਪ੍ਰਵਾਨ ਕਰਦਿਆਂ ਹੋਇਆਂ ਪੰਜਾਬ ਦਾ ਪ੍ਰਧਾਨ ਬਣੇ ਰਹਿਣ ਦੀ ਆਗਿਆ ਦਿੱਤੀ ਜਾਵੇਗੀ।
ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੱਧੂ ਵੱਲੋਂ ਵਾਰ ਵਾਰ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੂਬਾ ਸਰਕਾਰ ਨੂੰ ਲਗਾਤਾਰ ਘੇਰਨ ਦੇ ਕਾਰਨ ਹਾਈ ਕਮਾਨ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿੱਚੋਂ ਹੀ ਕੱਢ ਦਿੱਤਾ ਜਾਵੇ।
ਪਰ ਦੂਜੇ ਪਾਸੇ ਇਹ ਚਰਚਾਵਾਂ ਹਨ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਜਿਹੜੇ ਵੇਲੇ ਨਵਜੋਤ ਸਿੱਧੂ ਨੇ ਅਸਤੀਫ਼ਾ ਦਿੱਤਾ ਸੀ, ਉਸ ਵੇਲੇ ਪੰਜਾਬ ਕਾਂਗਰਸ ਦੀ ਨਵੀਂ ਵਜ਼ਾਰਤ ਦੇ ਮੰਤਰੀ ਸਹੁੰ ਚੁੱਕ ਕੇ ਅਹੁਦੇ ਸੰਭਾਲਣ ਹੀ ਵਾਲੇ ਸਨ, ਉਸ ਵੇਲੇ ਸਿੱਧੂ ਵੱਲੋਂ ਨਵਾਂ ਪੁਆੜਾ ਪਾ ਦਿੱਤਾ ਗਿਆ।
ਜਿਸ ਕਾਰਨ ਹਾਈਕਮਾਨ ਵੀ ਸਿੱਧੂ ਤੋਂ ਪਰੇਸ਼ਾਨ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਨਵਜੋਤ ਸਿੱਧੂ ਤੋਂ ਤੰਗ ਆ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਨਵਜੋਤ ਸਿੱਧੂ ਦੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤਿਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਕਾਰਨ ਹਮੇਸ਼ਾ ਹੀ ਕੈਪਟਨ ਅਤੇ ਸਿੱਧੂ ਵਿਚਾਲੇ ਲੜਾਈ ਰਹੀ ਹੈ।
ਇਸ ਵੇਲੇ ਵੀ ਕੈਪਟਨ ਅਤੇ ਸਿੱਧੂ ਵਿਚਾਲੇ ਟਵੀਟਾਂ ਰਾਹੀਂ ਜੰਗ ਲੜੀ ਜਾ ਰਹੀ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਹਾਈ ਕਮਾਨ ਆਖ਼ਰ ਕਿੰਨੇ ਦਿਨਾਂ ਦੇ ਵਿਚ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਦੀ ਹੈ ਅਤੇ ਉਹਦੀ ਛੁੱਟੀ ਕਰਦੀ ਹੈ। ਦੂਜੇ ਪਾਸੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈ ਕਮਾਨ ‘ਚੋਂ ਛੁੱਟੀ ਹੋ ਸਕਦੀ ਹੈ ਅਤੇ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ।



