
ਪੰਜਾਬੀ ਫਿਲਮ ਨਿਰਮਾਤਾ, ਉੱਘੇ ਸਮਾਜ ਸੇਵੀ ਤੇ ਕਿਸਾਨ ਆਗੂ ਸਿਮਰਜੀਤ ਸਿੰਘ ਸੰਧੂ ਨੇ ਪਰੈਸ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਵਿਚਾਰ ਸਾਂਝੇ ਕੀਤੇ ਕਿ ਮੈਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਪਿੰਡਾਂ ਦੇ ਬਹੁਤ ਸਾਰੇ ਕਿਸਾਨਾਂ ਨੂੰ ਮਿਲਿਆ ਹਾਂ ਤੇ ਅੱਜਕੱਲੵ ਟਿਊਬਵੈੱਲ ਕੁਨੈਕਸ਼ਨ ਦਾ ਖਰਚਾ ਦੋ ਤੋਂ ਤਿੰਨ ਲੱਖ ਰੁਪੈ ਬਣ ਰਿਹਾ ਹੈ। ਕਈ ਛੋਟੇ ਜਿਮੀਂਦਾਰਾਂ ਦੇ ਜਿੰਨਾਂ ਦੇ ਕੁਨੈਕਸ਼ਨ ਆਏ ਵੀ ਸਨ ਉਹ ਪੈਸੇ ਨਾਂ ਹੋਣ ਕਰਕੇ ਕੁਨੈਕਸ਼ਨ ਲੈ ਈ ਨਹੀਂ ਸਕੇ ਹਨ। ਕਿਉਂਕਿ ਏਨਾਂ ਖਰਚਾ ਵੱਡੇ ਜਿਮੀਂਦਾਰ ਤਾਂ ਭਰਕੇ ਕੁਨੈਕਸ਼ਨ ਲੁਆ ਲੈਂਦੇ ਹਨ। ਪਰ ਛੋਟੇ ਕਿਸਾਨ ਜਿਹਨਾਂ ਦੀ ਸਾਲ ਦੀ ਆਮਦਨ ਈ ਤਿੰਨ ਲੱਖ ਤੋਂ ਘੱਟ ਹੈ। ਉਹ ਇਹ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
ਸਿਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਮੁੱਦਾ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਤੇ ਹੁਣ ਕਾਂਗਰਸ ਦੀ ਸਰਕਾਰ ਵੇਲੇ ਦੋਨਾਂ ਸਾਬਕਾ ਮੁੱਖ ਮੰਤਰੀਆਂ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਧਿਆਨ ਚ ਵੀ ਲਿਆਂਦਾ ਗਿਆ ਸੀ ਪਰ ਬਦਕਿਸਮਤੀ ਨਾਲ ਦੋਹਾਂ ਮੁੱਖ ਮੰਤਰੀਆਂ ਚੋਂ ਕਿਸੇ ਨੇ ਵੀ ਇਸ ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ।
ਸਰਦਾਰ ਸੰਧੂ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀਂ ਤੋਂ ਉਹਨਾਂ ਨੂੰ ਆਸ ਹੈ ਕਿ ਉਹ ਇਸ ਮੁੱਦੇ ਵੱਲ ਧਿਆਨ ਦੇਣਗੇ। ਪੰਜਾਬ ਸਰਕਾਰ ਦੇ ਦੋ ਤਿੰਨ ਕੈਬਨਿਟ ਮੰਤਰੀਆਂ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪਰਧਾਨ ਸਰਦਾਰ ਸੁਖਵਿੰਦਰ ਸਿੰਘ ਡੈਨੀ ਤੇ ਗੁਰੂਹਰਸਹਾਏ ਤੋਂ ਐਮ ਐਲ ਏ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਰਾਹੀਂ ਇਹ ਮੁੱਦਾ ਫਿਰ ਤੋਂ ਸਰਕਾਰ ਦੇ ਧਿਆਨ ਚ ਲਿਆਕੇ ਇਸ ਤੇ ਅਮਲੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਜਾਰੀ ਹੈ ਤਾਂ ਕਿ ਛੋਟੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਾ ਲਾਭ ਮਿਲ ਸਕੇ।
ਜੇ ਸਰਕਾਰ ਛੋਟੇ ਕਿਸਾਨਾਂ ਦੀ ਇਹ ਮੰਗ ਪੂਰੀ ਕਰਦੇ ਹੈ ਤਾਂ ਇਸ ਚ ਕੋਈ ਸ਼ੱਕ ਨਹੀਂ ਕਿ ਛੋਟੇ ਕਿਸਾਨ ਜਿਸ ਚ ਸਭ ਜਾਤੀਆਂ ਧਰਮਾਂ ਮਜਹਬਾਂ ਦੇ ਲੋਕ ਆਉਂਦੇ ਨੇ ਸਭ ਖੁੱਲੵ ਕੇ ਸਰਕਾਰ ਦੇ ਹੱਕ ਚ ਭੁਗਣਗੇ, ਸਰਦਾਰ ਚਰਨਜੀਤ ਸਿੰਘ ਚੰਨੀਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹੋਏ ਸਰਦਾਰ ਸੰਧੂ ਨੇ ਕਿਹਾ ਕਿ ਜਿਵੇਂ ਤੁਸੀਂ ਹਰੇਕ ਵਰਗ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਸੋਹਣੇ ਕੰਮ ਕਰ ਰਹੇ ਓ ਕਿਰਪਾ ਕਰਕੇ ਛੋਟੇ ਕਿਸਾਨਾਂ ਦੇ ਇਸ ਮੁੱਦੇ ਦਾ ਹੱਲ ਵੀ ਜਰੂਰ ਕਰੋ। ਸਿਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਮੁੱਖ ਮੰਤਰੀ ਪੰਜਾਬ ਤੇ ਕਾਂਗਰਸ ਪਰਧਾਨ ਨਵਜੋਤ ਸਿੰਘ ਸਿੱਧੂ ਤੋਂ ਟਾਈਮ ਮੰਗਿਆ ਹੈ। ਜਿਵੇਂ ਵੀ ਮਿਲਣ ਦਾ ਸਮਾਂ ਮਿਲੇਗਾ ਪੰਜਾਬ ਦਾ ਇਹ ਵੱਡਾ ਮੁੱਦਾ ਜਿਹੜਾ ਅਜੇ ਤੱਕ ਪੰਜਾਬ ਦੀ ਕਿਸੇ ਵੀ ਕਿਸਾਨ ਜਥੇਬੰਦੀ ਨੇ ਨਹੀਂ ਉਠਾਇਆ ਉਹ ਇਸ ਨੂੰ ਹੱਲ ਕਰਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ। ਪਰੈਸ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਨਾਲ ਹੋਰ ਕਿਸਾਨ ਆਗੂ ਵੀ ਮੌਜੂਦ ਸਨ।
ਗੁਰਿੰਦਰ ਸਿੰਘ






