
ਮਾਨਸਾ, 22 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) : ਸਿੱਖਿਆ ਵਿਭਾਗ ਪੰਜਾਬ ਆਪਣੇ ਅਨੋਖੇ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਸਿੱਖਿਆ ਵਿਭਾਗ ਨੇ ਹੁਣ ਇੱਕ ਹੋਰ ਵਿਲੱਖਣ ਕਾਰਨਾਮਾ ਕਰਦਿਆਂ ਪੰਜਾਬ ਦੇ ਸਕੂਲਾਂ ਵਿੱਚ ਚਲਦੀ ਆ ਰਹੀ ਸਵੇਰੇ ਦੀ ਸਭਾ ਦਾ ਨਾਮ ਬਦਲ ਕੇ ਗੇਮ ਪੀਰੀਅਡ ਰੱਖਣ ਲਈ ਪੱਤਰ ਜਾਰੀ ਕੀਤਾ ਹੈ। ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਜਿਲ੍ਹਾ ਮਾਨਸਾ ਵੱਲੋਂ ਮਾਨਸਾ ਵਿਖੇ ਇਕੱਤਰਤਾ ਕਰਕੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਤਾਨਾਸ਼ਾਹੀ ਫਰਮਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਿੱਖਿਆ ਵਿਭਾਗ ਤੋਂ ਇਹ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਹੈ। ਮਾਲਵਾ ਜੋਨ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਾਨਸਾ ਨੇ ਸਕੂਲਾਂ ਵਿੱਚ ਚਲਦੀ ਸਵੇਰ ਦੀ ਸਭਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਸਵੇਰ ਦੀ ਸਭਾ ਵਿੱਚ ਸਿਰਫ ਕਸਰਤਾਂ ਅਤੇ ਯੋਗ ਆਸਣ ਹੀ ਨਹੀਂ ਕਰਵਾਏ ਜਾਂਦੇ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ, ਜਿਹਨਾਂ ਵਿੱਚ ਪ੍ਰਾਰਥਨਾ, ਰਾਸ਼ਟਰੀ ਗਾਨ, ਅੱਜ ਦਾ ਵਿਚਾਰ, ਅੱਜ ਦਾ ਸ਼ਬਦ, ਮਹਾਨ ਸ਼ਖਸ਼ੀਅਤਾਂ ਸਬੰਧੀ ਜਾਣਕਾਰੀ ਦੇਣਾ, ਨੈਤਿਕ ਸਿੱਖਿਆ ਦੇਣਾ ਆਦਿ ਸ਼ਾਮਲ ਹਨ, ਕਰਵਾਈਆਂ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਵੇਰ ਦੀ ਸਭਾ ਨੂੰ ਗੇਮ ਪੀਰੀਅਡ ਦਾ ਨਾਂ ਦੇ ਕੇ ਦੂਸਰੀਆਂ ਗਤੀਵਿਧੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਖੇਡਾਂ ਨੂੰ ਵੀ ਸਿਰਫ ਮਾਸ ਪੀਟੀ ਅਤੇ ਯੋਗਾ ਤੱਕ ਹੀ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਵਿੱਚੋਂ ਖੇਡ ਸੱਭਿਆਚਾਰ ਅਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਖਤਮ ਕਰਨ ਲਈ ਰੋਜ਼ਾਨਾ ਜਿਹੜੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪੰਜਾਬ ਦੇ ਸਰੀਰਕ ਸਿੱਖਿਆ ਅਧਿਆਪਕ ਇਨ੍ਹਾਂ ਚਾਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਇਹ ਪੱਤਰ ਵਾਪਸ ਨਾ ਲਿਆ ਗਿਆ ਅਤੇ ਸਰੀਰਕ ਸਿੱਖਿਆ ਵਿਸ਼ੇ ਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਬਣਦਾ ਸਨਮਾਨ ਨਾ ਦਿੱਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਈ ਇਕੱਤਰਤਾ ਨੂੰ ਸਰੀਰਕ ਸਿੱਖਿਆ ਅਧਿਆਪਕ ਰਾਜ ਖਾਨ, ਰਵਿੰਦਰ ਕੁਮਾਰ, ਅਮਨਦੀਪ ਸਿੰਘ, ਮੱਖਣ ਸਿੰਘ, ਬਲਵੰਤ ਰਾਮ, ਬਲਵਿੰਦਰ ਸਿੰਘ, ਹਰਜੀਤ ਸਿੰਘ ਜੋਗਾ, ਗੁਰਦੀਪ ਸਿੰਘ ਬੁਰਜਹਰੀ, ਨਛੱਤਰ ਸਿੰਘ, ਜਗਦੀਪ ਸਿੰਘ ਮਿੰਟੂ, ਗੁਰਜੀਤ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।





