ਅਸੀਂ ਬਣਾਵਾਂਗੇ ਲੋਕ ਚੋਣ ਮਨੋਰਥ ਪੱਤਰ
ਮੁਫ਼ਤ ਤੇ ਮਿਆਰੀ ਸਿੱਖਿਆ,ਮੁਫ਼ਤ ਸਿਹਤ ਸਹੂਲਤਾਂ,ਸਸਤੀ ਬਿਜਲੀ ਅਤੇ ਸਭ ਲਈ ਰੋਜਗਾਰ ਦਾ ਕਰਾਂਗੇ ਪ੍ਰਬੰਧ:- ਕਾਮਰੇਡ ਇਕੋਲਾਹਾ

ਬਰਨਾਲਾ ,3 ਸਤੰਬਰ ( ਮੱਘਰ ਪੁਰੀ) ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ. ਪੀ) ਦੇ ਜਿਲ੍ਹਾ ਬਰਨਾਲਾ ਦੇ ਵਰਕਰਾਂ ਦੀ ਮੀਟਿੰਗ 2022 ਦੀਆ ਚੋਣਾਂ ਸੰਬੰਧੀ ਹੋਈ ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਖੱਬੀਆਂ ਅਤੇ ਹਮਖਿਆਲੀ ਪਾਰਟੀਆਂ ਨਾਲ ਮਿਲਕੇ ਚੋਣ ਲੜੇਗੀ । ਪਾਰਟੀ ਵਲੋਂ ਰਾਜ ਕੁਮਾਰ ਬਰਨਾਲਾ ਅਤੇ ਧੂਰੀ ਵਿਧਾਨ ਸਭਾ ਤੋਂ ਰਤਨ ਲਾਲ ਸਿੰਗਲਾ ਉਮੀਦਵਾਰ ਹੋਣਗੇ।
ਓਹਨਾ ਅੱਗੇ ਕਿਹਾ ਕਿ ਆਰ .ਐਸ.ਪੀ ਦੀ ਸਰਕਾਰ ਬਣਨ ਤੇ ਮੁਫ਼ਤ ਤੇ ਮਿਆਰੀ ਸਿੱਖਿਆ ,ਮੁਫ਼ਤ ਸਿਹਤ ਸਹੂਲਤਾਂ ,ਵਧੀਆ ਹਸਪਤਾਲ, ਸਸਤੀ ਬਿਜਲੀ,ਕੱਚੇ ਅਤੇ ਠੇਕਾ ਮੁਲਾਜਮ ਕਰਾਂਗੇ ਪੱਕੇ ਅਤੇ ਸਭ ਲਈ ਰੋਜਗਾਰ ਕਰਾਂਗੇ ਪ੍ਰਬੰਧ।
ਓਹਨਾ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਪਣੇ ਆਪਣੇ ਹਲਕਿਆਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਡੱਟ ਜਾਣ ਲਈ ਕਿਹਾ।
ਕਾਮਰੇਡ ਇਕੋਲਾਹਾ ਨੇ ਪੰਜਾਬੀਆਂ ਨੂੰ ਸੱਦਾ ਦੇਂਦਿਆ ਕਿਹਾ ਕਿ ਉਹ ਆਪਣੇ ਕੁਦਰਤੀ ਜਲ ਅਤੇ ਊਰਜਾ ਸੋਮਿਆਂ ਦੀ ਡਟਕੇ ਰਾਖੀ ਕਰਨ। ਉਹਨਾਂ ਕਿਹਾ ਹੈ ਕਿ ੳੂਰਜਾ ਦਾ ਖੇਤਰ ਇੱਕ ਅਹਿਮ ਖੇਤਰ ਹੈ ਜਿਹੜਾ ਸਾਡੇ ਸਮਾਜ ਲਈ ਬੇਹੱਦ ਮਹੱਤਵ ਰੱਖਦਾ ਹੈ।1947 ਤੋਂ ਬਾਅਦ ਕੇਂਦਰ ਵਿੱਚ ਬਣੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਅੰਦਰਲੇ ਆਪਣੇ ਦਲਾਲਾਂ ਦੀ ਸਹਾਇਤਾ ਨਾਲ ਪੰਜਾਬ ਨੂੰ ਇਸ ਦੇ ਦਰਿਆਵਾਂ ਦੇ ਪਾਣੀਆ ਅਤੇ ਦਰਿਆਵਾਂ ਉੱਤੇ ਉਸਰੇ ਹੈੱਡਵਰਕਸ ਦੀ ਮਾਲਕੀ ਤੋਂ ਲਗਾਤਾਰ ਵਾਂਝਾ ਰੱਖਿਆ ਹੈ। ਪੰਜਾਬ ਅੰਦਰ ਉਸਾਰੇ ਗਏ ਥਰਮਲ ਪਲਾਂਟ ਪੰਜਾਬ ਦੀ ਕਿਸੇ ਲੋੜ ਵਿੱਚੋਂ ਨਹੀਂ ਉਸਾਰੇ ਗਏ ਸਗੋਂ ਇਹ ਪੰਜਾਬ ਨੂੰ ਕੇਂਦਰ ਸਰਕਾਰ ਮੂਹਰੇ ਲਗਾਤਾਰ ਨੀਵਾਂ ਕਰੀ ਰੱਖਣ ਦੇ ਮੰਤਵ ਨਾਲ ਉਸਾਰੇ ਗਏ ਹਨ।ਇਨ੍ਹਾਂ ਥਰਮਲ ਪਲਾਂਟਾਂ ਵਾਸਤੇ ਕੋਲੇ ਦੀ ਲੋੜ ਦੇ ਚੱਲਦਿਆਂ ਪੰਜਾਬ ਸਦਾ ਹੀ ਕੇਂਦਰ ਮੂਹਰੇ ਝੋਲੀ ਅੱਡਕੇ ਖੜ੍ਹਾ ਰਹਿਣ ਲਈ ਮਜਬੂਰ ਹੈ।ਕੇਂਦਰ ਵੱਲੋਂ ਪੰਜਾਬ ਦੇ ਸਿਰ ਦੋ ਪ੍ਰਮਾਣੂ ਊਰਜਾ ਪਲਾਂਟ ਮੜ੍ਹਨ ਦੀ ਯੋਜਨਾ ਵੀ ਹੈ। ਪੰਜਾਬ ਨੂੰ ਨਾ ਹੀ ਥਰਮਲ ਪਲਾਂਟਾਂ ਦੀ ਲੋੜ ਹੈ ਅਤੇ ਨਾ ਹੀ ਪ੍ਰਮਾਣੂ ਊਰਜਾ ਪਲਾਂਟਾਂ ਦੀ ਪ੍ਰਮਾਣੂ ਪਲਾਂਟ ਜੰਗ ਵਿਚ ਵਿਰੋਧੀ ਧਿਰ ਦਾ ਪਹਿਲਾ ਨਿਸ਼ਾਨਾ ਬਣਦਾ ਹੈ। ਇਸ ਦੀ ਕਾਰਜਸ਼ੀਲਤਾ ਅਨਿਸਚਤ ਹੁੰਦੀ ਹੈ। ਜੰਗ ਤੋਂ ਇਲਾਵਾ ਸਾਧਾਰਨ ਰੂਪ ਵਿਚ ਵੀ ਅਜਿਹੇ ਪਲਾਂਟ ਖਤਰਾ ਮੁਕਤ ਨਹੀਂ ਹਨ। ਇਕ ਕੌਮਾਂਤਰੀ ਅਧਿਐਨ ਅਨੁਸਾਰ 1952 ਵਿਚ ਪਹਿਲਾ ਐਟਮੀ ਪਲਾਂਟ ਹਾਦਸਾ ਕੈਨੇਡਾ ਦੇ ਚਾਕ ਦਰਿਆ ਦੇ ਨੇੜੇ ਐਂਟੈਰੀਉ ਸੂਬੇ ਵਿਚ ਹੋਇਆ ਸੀ। ਇਸ ਪਿਛੋਂ ਵਖ ਵਖ ਦੇਸਾਂ ਵਿਚ ਅਜਿਹੇ 32 ਹੋਰ ਹਾਦਸੇ ਹੋ ਚੁਕੇ ਹਨ । ਚਰਨੋਬਲ (ਰੂਸ) ਵਾਲਾ ਹਾਦਸਾ ਬਹੁਤ ਹੀ ਤਬਾਹਕੁਨ ਗਿਣਿਆ ਜਾਂਦਾ ਹੈ।ਜਿਸ ਦੀ ਪੂਰੀ ਤਸਵੀਰ ਵੀ ਸਾਹਮਣੇ ਨਹੀਂ ਆਉਣ ਦਿਤੀ ਗਈ।ਇਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਪੰਜਾਬ ਨੂੰ ਸਿਰਫ ਪਣ-ਬਿਜਲੀ ਅਤੇ ਸੂਰਜੀ ਬਿਜਲੀ ਸੂਤ ਬੈਠਦੀ ਹੈ।ਇਸ ਲਈ ਪੰਜਾਬ ਦੇ ਦਰਿਆਵਾਂ ਉੱਤੇ ਉਸਾਰੇ ਗਏ ਹੈੱਡਵਰਕਸ ਅਤੇ ਪਾਵਰ ਪਲਾਂਟਾਂ ਦੀ ਮਾਲਕੀ ਪੰਜਾਬ ਨੂੰ ਸੌਂਪੀ ਜਾਵੇ ਇਸ ਦੀ ਮੰਗ ਕਰਨਾ ਹਰ ਇੱਕ ਪੰਜਾਬੀ ਦੀ ਅਹਿਮ ਜ਼ਿੰਮੇਵਾਰੀ ਹੈ। ਪੰਜਾਬ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੰਜਾਬ ਦੇ ਪਣ ਬਿਜਲੀ ਪ੍ਰਾਜੈਕਟਾਂ ਦੇ ਨਾਲ ਨਾਲ ਸੂਰਜੀ ਊਰਜਾ ਪਲਾਂਟ ਲਾ ਕੇ ਪੂਰਾ ਕਰਨ ਦੀ ਨੀਤੀ ਉੱਤੇ ਚੱਲਣ ਦੀ ਲੋੜ ਹੈ। ਇਸ ਨੀਤੀ ਉਤੇ ਚੱਲਿਆ ਜਾਣਾ ਪੰਜਾਬ ਦੇ ਖੁਸ਼ਹਾਲ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਆਰ.ਐਸ. ਪੀ ਦੇਵੇਗੀ ਪੰਜਾਬ ਨੂੰ ਦੇਵੇਗੀ ਅਜਿਹੀ ਸੂਬਾ ਸਰਕਾਰ ਜਿਹੜੀ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਹੱਸਦਾ ਵੱਸਦਾ ਪੰਜਾਬ ਬਣਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸਲਾਹਕਾਰ ਵਰਿੰਦਰ ਕੌਰ ਪਾਸੀ, ਦਵਿੰਦਰ ਕੌਰ ਢਿੱਲੋਂ ,ਸੌਰਵ ਸਿੰਗਲਾ,ਸਾਹਿਲ ਸਿੰਗਲਾ, ਰੋਹਿਤ ਸਿੰਗਲਾ, ਥਾਨੇਸਵਰ ਕੰਡਾਰੀ ,ਲਵਪ੍ਰੀਤ ਸਿੰਘ ਠੁਲੀਵਾਲ, ਸੁਰਿੰਦਰਪਾਲ ਆਦਿ ਮੌਜੂਦ ਸਨ





