ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਅਫਗਾਨਿਸਤਾਨ ਦੀ ਸਥਿਤੀ ਅਤੇ ਉੱਥੇ ਆਏ ਤਾਲਿਬਾਨ ਸ਼ਾਸਨ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅਫਗਾਨਿਸਤਾਨ ਦਾ ਸਬੰਧ ਹੈ, ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਅਸੀਂ ਉਥੋਂ ਭਾਰਤ ਆਉਣ ਵਾਲੀ ਕਿਸੇ ਵੀ ਸਮੱਸਿਆ ਨਾਲ ਉਸੇ ਤਰ੍ਹਾਂ ਨਜਿੱਠਾਂਗੇ ਜਿਵੇਂ ਅਸੀਂ ਭਾਰਤ ਵਿੱਚ ਅੱਤਵਾਦ ਨਾਲ ਨਜਿੱਠਦੇ ਹਾਂ।

ਜਨਰਲ ਰਾਵਤ ਨੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਗਾਨ ਸਮੱਸਿਆ ਨੂੰ ਵੱਖਰਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਇੱਕੋ ਤਰੀਕੇ ਨਾਲ ਦੇਖਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ, “ਇਹ ਦੋਵੇਂ ਬਿਲਕੁਲ ਵੱਖਰੇ ਮੁੱਦੇ ਹਨ। ਹਾਂ, ਇਹ ਦੋਵੇਂ ਮੁੱਦੇ ਖੇਤਰ ਦੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰਦੇ ਹਨ, ਪਰ ਇਹ ਵੱਖੋ ਵੱਖਰੀਆਂ ਸਤਹਾਂ ‘ਤੇ ਹਨ। ਇਹ ਦੋ ਸਮਾਨਾਂਤਰ ਰੇਖਾਵਾਂ ਹਨ, ਜੋ ਸ਼ਇਦ ਹੀ ਕਦੇ ਮਿਲਣ।” ਸੀਡੀਐਸ ਨੇ ਅੱਗੇ ਕਿਹਾ, “ਮੈਨੂੰ ਲਗਦਾ ਹੈ ਕਿ ਜੇ ਸਹਿਯੋਗ ਨਾਲ ਅੱਤਵਾਦੀਆਂ ਦੀ ਪਛਾਣ ਜਾਂ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਕੁੱਝ ਖੁਫੀਆ ਜਾਣਕਾਰੀ ਮਿਲਣ ਤਾਂ ਇਹ ਸਵਾਗਤਯੋਗ ਹੋਵੇਗਾ।”
ਜਨਰਲ ਰਾਵਤ ਨੇ ਅੱਗੇ ਕਿਹਾ, “ਜਦੋਂ ਵੀ ਖੇਤਰ ਵਿੱਚ ਕੋਈ ਸਮੱਸਿਆ ਆਉਂਦੀ ਹੈ, ਅਸੀਂ ਇਸ ਬਾਰੇ ਚਿੰਤਤ ਹੁੰਦੇ ਹਾਂ। ਨਾ ਸਿਰਫ ਉੱਤਰ (ਚੀਨ) ‘ਤੇ ਸਾਡੇ ਗੁਆਂਢੀ, ਬਲਕਿ ਸਾਡੀ ਪੱਛਮੀ ਸਰਹੱਦ (ਪਾਕਿਸਤਾਨ) ਦੇ ਸਾਡੇ ਗੁਆਂਢੀ ਕੋਲ ਵੀ ਪ੍ਰਮਾਣੂ ਹਥਿਆਰ ਹਨ, ਇਸ ਲਈ ਅਸੀਂ ਦੋ ਅਜਿਹੇ ਗੁਆਂਢੀਆਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਕੋਲ ਇਹ ਕੂਟਨੀਤਕ ਹਥਿਆਰ ਹਨ।” ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ਲਗਾਤਾਰ ਆਪਣੀਆਂ ਨੀਤੀਆਂ ਦਾ ਵਿਕਾਸ ਕਰ ਰਹੇ ਹਾਂ। ਅਸੀਂ ਆਪਣੇ ਗੁਆਂਢੀਆਂ ਦੇ ਏਜੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਸ ਅਨੁਸਾਰ ਆਪਣੀ ਸਮਰੱਥਾ ਦਾ ਵਿਕਾਸ ਕਰ ਰਹੇ ਹਾਂ। ਅਸੀਂ ਰਵਾਇਤੀ ਤੌਰ ‘ਤੇ ਬਹੁਤ ਮਜ਼ਬੂਤ ਹਾਂ ਅਤੇ ਕਿਸੇ ਵੀ ਦੁਸ਼ਮਣ ਨਾਲ ਸਾਡੀ ਰਵਾਇਤੀ ਫੌਜ ਦੁਆਰਾ ਹੀ ਨਜਿੱਠਣ ਦੇ ਸਮਰੱਥ ਹਾਂ।





