
ਚੰਡੀਗੜ੍ਹ/ਨਵੀਂ ਦਿੱਲੀ : Punjab Congress : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਦੋ ਸਲਾਹਕਾਰਾਂ ਦੇ ਟੇਢੇ ਬੋਲਾਂ ਕਾਰਨ ਬੁਰੇ ਫਸੇ ਹਨ ਤੇ ਉਨ੍ਹਾਂ ਉੱਪਰ ਚੁਫੇਰਿਓਂ ਹਮਲੇ ਹੋ ਰਹੇ ਹਨ। ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਕਾਂਗਰਸੀ ਆਗੂ ਵੀ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਤੇ ਡਾ. ਪਿਆਰਾ ਲਾਲ ਗਰਗ ਵੱਲੋਂ ਜੰਮੂ-ਕਸ਼ਮੀਰ ਤੇ ਪਾਕਿਸਤਾਨ ਸਬੰਧੀ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੇ ਸਲਾਹਕਾਰਾਂ ਨੂੰ ਲਤਾੜ ਲਗਾਉਣ ਤੋਂ ਬਾਅਦ ਮਾਲੀ ਤੇ ਗਰਗ ਦੇ ਬਿਆਨਾਂ ‘ਤੇ ਨਾ ਸਿਰਫ਼ ਅਕਾਲੀ ਦਲ ਬਲਕਿ ਭਾਜਪਾ ਸਮੇਤ ਕਾਂਗਰਸੀ ਆਗੂਆਂ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।
ਮਾਲੀ ਨੇ ਇੰਟਰਨੈੱਟ ਮੀਡੀਆ ‘ਤੇ ਆਪਣੀਆਂ ਪੋਸਟਾਂ ਨੂੰ ਨਿੱਜੀ ਰਾਇ ਦੱਸਿਆ ਹੈ। ਸੋਮਵਾਰ ਨੂੰ ਸਿੱਧੂ ਨੇ ਆਪਣੀ ਰਿਹਾਇਸ਼ ‘ਤੇ ਸਲਾਹਕਾਰਾਂ ਮਾਲੀ ਤੇ ਡਾ. ਗਰਗ ਨਾਲ ਬੈਠਕ ਕੀਤੀ ਪਰ ਚਾਰ ਘੰਟੇ ਤਕ ਬੈਠਕ ਤੋਂ ਬਾਅਦ ਸਿੱਧੂ ਨੇ ਇਸ ਵਿਸ਼ੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਓਧਰ, ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਪੰਜਾਬ ਆਉਣਗੇ। ਉਹ ਸਿੱਧੂ ਨੂੰ ਅਨੁਸ਼ਾਸਨ ਦੀ ਨਸੀਹਤ ਦੇ ਸਕਦੇ ਹਨ।





