
ਨਵੀਂ ਦਿੱਲੀ :
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੁੜ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (IPL) ਲਈ ਤਿਆਰੀ ਪੂਰੀ ਕਰ ਲਈ ਹੈ। ਅਗਲੇ ਮਹੀਨੇ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (UAE) ‘ਚ ਹੋਣ ਵਾਲੇ ਆਈਪੀਐੱਲ ਦੇ ਦੂਸਰੇ ਪੜਾਅ ‘ਚ ਦਰਸ਼ਕਾਂ ਨੂੰ ਸਟੇਡੀਅਮ ‘ਚ ਪ੍ਰਵੇਸ਼ ਮਿਲ ਸਕਦਾ ਹੈ। ਬੀਸੀਸੀਆਈ ਨੂੰ ਇਸ ਵਿਚ ਕੋਈ ਦਿੱਕਤ ਨਹੀਂ ਹੈ। ਇੱਥੋਂ ਤਕ ਕਿ ਅਮੀਰਾਤ ਕ੍ਰਿਕਟ ਬੋਰਡ (ECB) ਦੇ ਜਨਰਲ ਸਕੱਤਰ ਮੁਬਾਸ਼ਿਰ ਉਸਮਾਨੀ ਨੇ ਕਿਹਾ ਸੀ ਕਿ ਬੋਰਡ ਬੀਸੀਸੀਆਈ ਤੇ ਯੂਏਈ ਸਰਕਾਰ ਦੇ ਨਾਲ ਸਟੇਡੀਅਮ ‘ਚ ਦਰਸ਼ਕਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਚਰਚਾ ਕਰੇਗਾ।
ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਬੋਰਡ ਦਰਸ਼ਕਾਂ ਨੂੰ ਦੇਖਣਾ ਪਸੰਦ ਕਰੇਗਾ, ਪਰ ਉਦੋਂ ਜਦੋਂ ਇਸ ਨਾਲ ਖਿਡਾਰੀਆਂ ਤੇ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਪਹੁੰਚੇਗਾ। ਧੂਮਲ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਅਸੀਂ ਇਸ ਬਾਰੇ ਕੰਮ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਯੂਏਈ ਸਰਕਾਰ ਦਰਸ਼ਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦੇਵੇਗੀ, ਕਿਉਂਕਿ ਇੱਥੇ ਵੈਕਸੀਨੇਸ਼ਨ ਹੋ ਚੁੱਕੀ ਹੈ। ਦੇਖਦੇ ਹਾਂ ਕੀ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਮਿਲੇਗੀ। ਬਾਕੀ ਦੀਆਂ ਚੀਜ਼ਾਂ ਯੂਏਈ ਸਰਕਾਰ ‘ਤੇ ਨਿਰਭਰ ਕਰਦੀਆਂ ਹਨ।’
ਉੱਥੇ ਹੀ ਜੇਕਰ ਰਿਪੋਰਟਸ ਦੀ ਮੰਨੀਏ ਤਾਂ ਯੂਏਈ ਸਰਕਾਰ ਨੇ ਆਈਪੀਐੱਲ 2021 ਦੇ ਬਾਕੀ ਬਚੇ ਮੈਚਾਂ ਦੌਰਾਨ 60 ਫ਼ੀਸਦ ਦਰਸ਼ਕਾਂ ਨੂੰ ਸ਼ਾਮਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਓਧਰ, ਬੀਸੀਸੀਆਈ ਅਧਿਕਾਰੀ ਅਰੁਣ ਧੂਲ ਨੇ ਕਿਹਾ ਕਿ ਆਈਪੀਐੱਲ 2022 ‘ਚ ਦੋ ਨਵੀਆਂ ਟੀਮਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ, ‘ਸਾਰੇ ਹੁਣ ਆਈਪੀਐੱਲ਼ ਦੇਖਧੇ ਹਨ। ਸਾਨੂੰ ਭਰੋਸਾ ਹੈ ਕਿ ਇਹ ਯੂਏਈ ‘ਚ ਵੀ ਉਤਸ਼ਾਹਤ ਟੂਰਨਾਮੈਂਟ ਹੈ। ਇਹ ਆਖਰੀ ਸੀਜ਼ਨ ਹੈ ਜਿੱਥੇ ਆਈਪੀਐੱਲ਼ ‘ਚ 8 ਟੀਮਾਂ ਹੋਣਗੀਆਂ। ਸੰਭਵ ਹੈ ਕਿ ਅਗਲੀ ਵਾਰ ਤੋਂ ਇਸ ਵਿਚ 10 ਟੀਮਾਂ ਹੋਣਗੀਆਂ।’ ਅਸੀਂ ਇਸ ਬਾਰੇ ਕੰਮ ਕਰ ਰਹੇ ਹਾਂ।’
ਨਵੀਆਂ ਟੀਮਾਂ ਬਾਰੇ ਵਿਸਤਾਰਪੂਰਵਕ ਪੁੱਛੇ ਜਾਣ ਸਬੰਧੀ ਬੀਸੀਸੀਆਈ ਦੇ ਖ਼ਜ਼ਾਨਚੀ ਨੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਧੂਮਲ ਨੇ ਭਾਰਤ ਨੂੰ ਲਾਰਡਸ ਦੇ ਮੈਦਾਨ ‘ਤੇ ਇੰਗਲੈਂਡ ਖਿਲਾਫ ਮਿਲੀ ਜਿੱਤ ‘ਤੇ ਖੁਸ਼ੀ ਜ਼ਾਹਿਰ ਕੀਤੀ। ਧੂਮਲ ਨੇ ਕਿਹਾ, ‘ਸਾਡੇ ਪਹਿਲਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਇਹ ਬਿਹਤਰੀਨ ਜਿੱਤ ਸੀ। ਪਹਿਲੇ ਹਾਫ ਵਿਚ ਕੁਝ ਚੁਣੌਤੀਆਂ ਸਨ, ਪਰ ਬਾਅਦ ਵਿਚ ਜਿਸ ਤਰ੍ਹਾਂ ਨਾਲ ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਨੇ ਬੱਲੇ ਅਤੇ ਗੇਂਦ ਨਾਲ ਯੋਗਦਾਨ ਦਿੱਤਾ ਉਹ ਸ਼ਲਾਘਾਯੋਗ ਹੈ।’






