
ਲੇਸ ਕਾਐੱਸ :
ਹੈਤੀ ‘ਚ ਆਏ ਭਿਆਨਕ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 2000 ਦੇ ਕਰੀਬ ਪਹੁੰਚ ਗਈ ਹੈ। ਹੈਤੀ ਦੇ ਅਧਿਕਾਰੀਆਂ ਨੇ ਭੂਚਾਲ ‘ਚ 500 ਹੋਰ ਲੋਕਾਂ ਦੇ ਮਰੇ ਜਾਣ ਦੀ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਭੂਚਾਲ ‘ਚ ਹੁਣ ਤਕ ਮਰੇ ਗਏ ਲੋਕਾਂ ਦੀ ਗਿਣਤੀ 1,941 ਦੱਸੀ ਹੈ ਤੇ ਜ਼ਖ਼ਮੀਆਂ ਦੀ ਗਿਣਤੀ 9,900 ਦੱਸੀ ਗਈ ਹੈ। ਜਿਨ੍ਹਾਂ ‘ਚ ਕੋਈ ਹੁਣ ਵੀ ਮੈਡੀਕਲ ਸੁਵਿਧਾ ਜਾਂ ਮਦਦ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਦੇਸ਼ ‘ਚ ਮੀਂਹ ਕਾਰਨ ਰਾਹਤ-ਬਚਾਅ ਕੰਮਾਂ ‘ਚ ਦੇਰੀ ਹੋ ਰਹੀ ਹੈ। ਹੈਤੀ ‘ਚ ਖੰਡੀ ਤੂਫ਼ਾਨ ‘ਗ੍ਰੇਸ’ ਕਾਰਨ ਰਾਹਤ ਤੇ ਬਚਾਅ ਕੰਮਾਂ ‘ਚ ਮੁਸ਼ਕਲਾਂ ਆਈ ਹੈ। ਰਾਹਤ ਕੰਮਾਂ ‘ਚ ਹੋ ਰਹੀ ਇਸ ਦੇਰੀ ਕਾਰਨ ਪਹਿਲਾਂ ਤੋਂ ਬੇਘਰ ਹੋਏ ਲੋਕਾਂ ਦਾ ਗੁੱਸਾ ਤੇ ਨਿਰਾਸ਼ਾ ਹੋਰ ਜ਼ਿਆਦਾ ਵੱਧ ਗਿਆ ਹੈ।
ਐਤਵਾਰ ਨੂੰ ਆਏ ਭੂਚਾਲ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਖਣੀ-ਪੱਛਮੀ ਹੈਤੀ ਤੇ ਗ੍ਰੇਸ ਤੂਫ਼ਾਨ ਨੇ ਵੀ ਕਹਿਰ ਬਰਪਾਇਆ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਕੁਝ ਇਲਾਕਿਆਂ ‘ਚ ਤੂਫ਼ਾਨ ਦੇ ਅੱਗੇ ਵਧਣ ਨਾਲ ਪਹਿਲਾਂ 15 ਇੰਚ ਤਕ ਮੀਂਹ ਹੋ ਸਕਦਾ ਹੈ। ਭੂਚਾਲ ਨਾਲ ਪ੍ਰਭਾਵਿਤ ਸ਼ਹਿਰ ਲੇਸ ਕਾਇਸ ਤੇ ਰਾਜਧਾਨੀ ਪੋਰਟ-ਓ-ਪ੍ਰਿੰਸ ‘ਚ ਰੁੱਕ-ਰੁੱਕ ਕੇ ਮੀਂਹ ਪਿਆ।
ਕੈਰੇਬਿਆਈ ਦੇਸ਼ ਹੈਤੀ ‘ਚ ਸ਼ਕਤੀਸ਼ਾਲੀ ਭੂਚਾਲ ਤਬਾਹੀ ਕਰਨ ਵਾਲਾ ਸੀ, ਇੱਥੇ ਪਿੰਡ ਦੇ ਪਿੰਡ ਉਜੜ ਗਏ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਘਰਾਂ ਦੇ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਤੋਂ ਬਾਅਦ ਉਜਾੜ ਹੋ ਗਏ ਹਨ। ਭੂਚਾਲ ਪੀੜਤਾਂ ਨੂੰ ਭਿਆਨਕ ਗਰਮੀ ‘ਚ ਖੁੱਲ੍ਹੇ ਆਸਮਾਨ ਦੇ ਹੇਠਾਂ ਰਹਿਣਾ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਤੇ ਹਿੰਸਾ ਦੀਆਂ ਘਟਨਾਵਾਂ ਵਿਚਕਾਰ ਇਸ ਕੁਦਰਤੀ ਆਫਤ ‘ਚ ਰਾਹਤ ਕੰਮ ‘ਚ ਮੁਸ਼ਕਲ ਹੋ ਰਹੀ ਹੈ। ਹੈਤੀ ‘ਚ ਕੁਝ ਸਮੇਂ ਪਹਿਲਾਂ ਹੀ ਰਾਸ਼ਟਰਪਤੀ ਦੀ ਹੱਤਿਆ ਕਰ ਦਿੱਤੀ ਗਈ ਸੀ।






