
ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਬਾਦਾਮ ਦੀ ਫਸਲ ਨਸ਼ਟ ਹੋ ਗਈ ਹੈ। ਇਸ ਦਾ ਅਸਰ ਪੰਜਾਬ ਦੇ ਬਾਜ਼ਾਰਾਂ ਵਿਚ ਬਾਦਾਮ ਦੀਆਂ ਕੀਮਤਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਇਸ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਿਆ ਜਾ ਰਿਹਾ ਹੈ। ਬਾਦਾਮ ਗਿਰੀ ਦੀ ਕੀਮਤ 1000 ਰੁਪਏ ਪ੍ਰਤੀ ਕਿਲੋ ਨੂੰ ਪਾਰ ਕਰ ਗਈ ਹੈ।
ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਆਮਦ ਦੌਰਾਨ ਹੋਰ ਮੇਵਿਆਂ ਅੰਜੀਰ, ਮੁਨੱਕਾ ਅਤੇ ਗੁਲਬੰਦੀ ਬਾਦਾਮ ਗਿਰੀ ਦੀਆਂ ਕੀਮਤਾਂ ਵਿਚ ਵੀ ਵਾਧੇ ਦਾ ਰੁਖ਼ ਕਾਇਮ ਹੈ।
ਕਾਰੋਬਾਰੀਆਂ ਦਾ ਤਰਕ ਹੈ ਕਿ ਅਫ਼ਗਾਨਿਸਤਾਨ ਵਿਚ ਸਥਿਤੀ ਨਾਰਮਲ ਹੋਣ ਤੋਂ ਬਾਅਦ ਹੀ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿਚ ਸਥਿਰਤਾ ਆ ਸਕਦੀ ਹੈ। ਇਸ ਵਿਚ ਕੁਝ ਸਮਾਂ ਲੱਗ ਸਕਦਾ ਹੈ। ਭਾਰਤ ਵਿਚ ਕਸ਼ਮੀਰ ਵਿਚ ਥੋੜ੍ਹਾ ਬਹੁਤ ਬਾਦਾਮ ਪੈਦਾ ਕੀਤਾ ਜਾ ਰਿਹਾ ਹੈ ਪਰ ਉਹ ਹਰਾ ਹੀ ਬਾਜ਼ਾਰ ਵਿਚ ਵਿਕ ਜਾਂਦਾ ਹੈ। ਇਸ ਤੋਂ ਇਲਾਵਾ ਬਾਦਾਮ ਗਿਰੀ ਨੂੰ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਰਾਮਦ ਕੀਤਾ ਜਾਂਦਾ ਹੈ। ਗੁਲਬੰਦੀ ਬਾਦਾਮ ਦੀ ਗਿਰੀ ਅਫ਼ਗਾਨਿਸਤਾਨ ਤੋਂ ਬਰਾਮਦ ਕੀਤੀ ਜਾ ਰਹੀ ਹੈ। ਉੱਦਮੀਆਂ ਮੁਤਾਬਕ ਮੰਗ ਦਾ ਕਰੀਬ ਨੱਬੇ ਫੀਸਦ ਤਕ ਬਾਦਾਮ ਅਮਰੀਕਾ ਤੋਂ ਹੀ ਆਉਂਦਾ ਹੈ।
ਅਮਰੀਕਾ ਵਿਚ ਪਿਛਲੇ ਦਿਨੀਂ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਬਾਦਾਮ ਦੀ ਕਾਫੀ ਫਸਲ ਖਰਾਬ ਹੋ ਗਈ ਹੈ। ਹੋਲਸੇਲ ਡਰਾਈ ਫਰੂਟਸ ਐਂਡ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਜੁਨੇਜਾ ਦਾ ਕਹਿਣਾ ਹੈ ਕਿ 25 ਜੁਲਾਈ ਨੂੰ ਮੀਡੀਅਮ ਬਾਦਾਮ ਗਿਰੀ ਦੀ ਕੀਮਤ 600 ਤੋਂ 650 ਰੁਪਏ ਪ੍ਰਤੀ ਕਿਲੋ ਸੀ। ਹੁਣ ਇਸ ਦੀ ਕੀਮਤ ਲਗਪਗ 1 ਹਜ਼ਾਰ ਰੁਪਏ ਹੋ ਗਈ ਹੈ। ਜੁਨੇਜਾ ਨੇ ਕਿਹਾ ਕਿ ਜ਼ਿਆਦਾਤਰ ਬਾਦਾਮ ਗਿਰੀ ਅਮਰੀਕਾ ਤੋਂ ਹੀ ਬਰਾਮਦ ਕੀਤੀ ਜਾਂਦੀ ਹੈ। ਦੁਸਹਿਰੇ ਤਕ ਬਾਦਾਮ ਦੀ ਨਵੀਂ ਫਸਲ ਆਵੇਗੀ। ਉਦੋਂ ਤਕ ਇਸ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਖ਼ ਬਣਿਆ ਰਹੇਗਾ। ਅਜੇ ਬਾਦਾਮ ਸੌ ਤੋਂ 200 ਰੁਪਏ ਤਕ ਹੋਰ ਮਹਿੰਗਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਜੁਨੇਜਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਾਬਜ਼ ਹੋਣਾ ਹੋਰ ਗਿਰੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। 15 ਦਿਨ ਪਹਿਲਾਂ 700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੀ ਅੰਜੀਰ ਦੀ ਕੀਮਤ ਹੁਣ ਵਧ ਕੇ 900 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸੁੱਕੇ ਅੰਗੂਰ ਦੀ ਕੀਮਤ 500 ਰੁਪਏ ਤੋਂ ਵਧ ਕੇ 700 ਰੁਪਏ ਪ੍ਰਤੀ ਕਿਲੋ ਅਤੇ ਗੁਲਬੰਦੀ ਬਦਾਮ ਦੀ ਕੀਮਤ 680 ਰੁਪਏ ਤੋਂ ਵਧ ਕੇ 880 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਵਪਾਰੀ ਸੰਘ ਦੇ ਮੁਖੀ ਕਮਲ ਗੁਪਤਾ ਅਨੁਸਾਰ, ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਬਦਾਮ ਦੀ ਕੀਮਤ ‘ਚ ਤੇਜ਼ੀ ਆਈ ਹੈ। ਬਾਜ਼ਾਰ ‘ਚ ਕੀਮਤਾਂ ‘ਚ ਵਾਧੇ ਦਾ ਮੰਗ ‘ਤੇ ਅਸਰ ਪਿਆ ਹੈ। ਬਦਾਮਾਂ ਦੀ ਮੰਗ ਵੀ ਘੱਟ ਗਈ ਹੈ।






