ਜ਼ੀਰਕਪੁਰ 13 August ਸਥਾਨਕ ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ਼ ਸੋਨੂੰ ਸੇਠੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਰੋਸ ਵਜੋਂ ਥਾਣਾ ਜ਼ੀਰਕਪੁਰ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਢਾਬਾ ਮਾਲਾ ਨੇ ਆਪਣੇ ਢਾਬੇ ‘ਤੇ ਬੁੱਧਵਾਰ ਨੂੰ ਔਰਤਾਂ ਲਈ ਕਰਵਾਏ ਤੀਆਂ ਦੇ ਤਿਉਹਾਰ ਮੌਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ‘ਤੇ ਗਿੱਧਾ ਪਾਇਆ ਸੀ। ਪ੍ਰੋਗਰਾਮ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ ਸੀ ਜਿਸ ਨੂੰ ਦੇਖਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਸੀ।

ਮਾਮਲੇ ਸਬੰਧੀ ਅਕਾਲ ਯੂਥ ਜਥੇਬੰਦੀ ਦੇ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਸਥਾਨਕ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਵੱਲੋਂ ਬੀਤੇ ਬੁੱਧਵਾਰ ਨੂੰ ਔਰਤਾਂ ਲਈ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਇਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਗਾਣੇ ਦੇ ਰੂਪ ਵਿੱਚ ਵਰਤੋਂ ਕਰ ਕੇ ਔਰਤਾਂ ਨੂੰ ਨਚਾਇਆ ਗਿਆ ਜਿਸ ਕਾਰਨ ਸਮੁੱਚੀ ਸਿੱਖ ਸੰਗਤ ਵਿੱਚ ਉਕਤ ਵਿਅਕਤੀ ਦੇ ਇਸ ਕ੍ਰਿਤ ਤੇ ਉਸ ਪ੍ਰਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਢਾਬਾ ਮਾਲਕ ਵੱਲੋਂ ਨਾ ਕੇਵਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਦਰਜ ਤੁਕਾਂ ਦੀ ਗਲਤ ਵਰਤੋਂ ਕੀਤੀ ਹੈ ਬਲਕਿ ਇਸ ਦੀ ਵੀਡਿਓ ਬਣਾ ਕੇ ਇਸ ਨੂੰ ਫੋਕੀ ਸ਼ੋਹਰਤ ਖੱਟਣ ਲਈ ਸੋਸ਼ਲ ਮੀਡੀਆ ‘ਤੇ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਪਾਕ ਹਰਕਤ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸੋਨੂੰ ਸੇਠੀ ਨੇ ਇਕ ਸਾਜ਼ਿਸ਼ ਤਹਿਤ ਜਾਣਬੁੱਝ ਕੇ ਹੋਛੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਨੂੰਵਾਦੀਆ ਵੱਲੋਂ ਸਿੱਖ ਕੌਮ ’ਤੇ ਕੀਤੇ ਜਾ ਰਹੇ ਲੁਕਵੇਂ ਵਾਰ ਸਹਿਣ ਨਹੀਂ ਕੀਤੇ ਜਾਣਗੇ। ਉਨ੍ਹਾਂ ਦੇ ਜਥੇ ਵੱਲੋਂ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੂੰ ਸੋਨੂ ਸੇਠੀ ਖ਼ਿਲਾਫ਼ ਸ਼ਿਕਾਇਤ ਦੇ ਕੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਜੁਰਅਤ ਨਾ ਕਰ ਸਕੇ। ਉਨ੍ਹਾਂ ਸੋਨੂ ਸੇਠੀ ਖ਼ਿਲਾਫ਼ ਧਾਰਾ 295-ਏ ਸਮੇਤ ਹੋਰ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ 2020 ਵਿੱਚ ਕੋਰੋਨਾ ਕਾਲ ਵਿੱਚ ਵੀ ਸੋਨੂ ਸੇਠੀ ਤੇ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਹਿੰਦੂ ਦੇਵੀ ਦੇਵਤਿਆਂ ਦਾ ਭੇਸ਼ ਧਾਰਨ ਕਰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਇਸ ਮੌਕੇ ਦਵਿੰਦਰ ਸਿੰਘ ਖਾਲਸਾ, ਸਤਿੰਦਰਪਾਲ ਸਿੰਘ, ਪਵਨਦੀਪ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਿੰਦਰ ਸਿੰਘ, ਇੰਦਰਜੋਧ ਸਿੰਘ, ਜਥੇਦਾਰ ਹਰਬੰਸ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਸਨ।
ਇਸ ਸੰਬੰਧੀ ਗੱਲ ਕਰਨ ਤੇ ਜ਼ੀਰਕਪੁਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਤੇ ਦੱਸਿਆ ਕਿ ਸਿੱਖ ਜੱਥੇਬੰਦੀ ਅਕਾਲ ਯੂਥ ਦੀ ਸ਼ਿਕਾਇਤ ‘ਤੇ ਸੋਨੂੰ ਸੇਠੀ ਖ਼ਿਲਾਫ਼ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।




