
ਮੋਗਾ (ਹੈੱਪੀ ਢੰਡ)2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਤੇਜ ਕਰ ਦਿੱਤੀਆਂ ਹਨ।ਪਿਛਲੇ ਦਿਨੀਂ ਹਲਕਾ ਧਰਮਕੋਟ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਅਤੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਨੇ ਹਲਕੇ ਦੇ ਪਿੰਡ ਮਹਿਰੋਂ ਅਤੇ ਬਹੋਨਾ ਵਾਸੀਆਂ ਨਾਲ ਵਿਸ਼ੇਸ ਮੀਟਿੰਗਾਂ ਕੀਤੀਆਂ।ਭਰਵੀ ਹਾਜਰੀ ਵਿੱਚ ਪਿੰਡ ਵਾਸੀਆਂ ਨੇ ਜੱਥੇਦਾਰ ਤੋਤਾ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਡੇ ਇਹ ਪਿੰਡ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਜ਼ੋਰ ਸਮਰਥਨ ਕਰਨਗੇ | ਪਿੰਡ ਵਾਸੀਆਂ ਨੇ ਕਾਂਗਰਸੀ ਆਗੂਆਂ ਵੱਲੋਂ ਲਾਏ ਝੂਠੇ ਲਾਰਿਆਂ ਦੀ ਅਲੋਚਨਾਂ ਕੀਤੀ ਅਤੇ ਕਿਹਾ ਕਿ ਕਾਂਗਰਸ ਨੇ 2017 ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਅਤੇ ਬਿਨ੍ਹਾ ਕੋਈ ਵਿਕਾਸ ਦਾ ਕੰਮ ਕੀਤੇ ਅਤੇ ਕੋਈ ਵਾਅਦਾ ਪੂਰਾ ਨਾ ਕਰਕੇ ਸਿਰਫ ਸੱਤਾ ਦਾ ਆਨੰਦ ਮਾਣਿਆ।
ਉਹਨਾਂ ਕਿਹਾ ਕਿ ਲੋਕ ਕਾਂਗਰਸੀਆਂ ਤੋਂ ਵੋਟਾਂ ਮੰਗਣ ਵੇਲੇ ਇਸ ਦਾ ਜਵਾਬ ਜਰੂਰ ਮੰਗਣਗੇ। ਇਹਨਾਂ ਮੀਟਿੰਗਾਂ ਨੂੰ ਕਰਨ ਉਪਰੰਤ ਜਿਹੜੇ ਪਿੰਡ ਵਾਸੀ ਸੱਥਾਂ ਵਿੱਚ ਬੈਠੇ ਸਨ, ਉਹਨਾਂ ਕੋਲ ਗੱਡੀ ਤੋਂ ਉੱਤਰ ਕੇ ਜੱਥੇਦਾਰ ਤੋਤਾ ਸਿੰਘ ਨੇ ਵਿਚਾਰਾਂ ਸਾਂਝੀਆਂ ਕੀਤੀਆਂ।ਪਿੰਡ ਪੱਧਰ ਤੇ ਹੋ ਰਹੇ ਭਰਵੇ ਇਕੱਠਾਂ ਤੋਂ ਲੱਗਦਾ ਹੈ ਕਿ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਦਾ ਮਨ ਬਣਾਈ ਬੈਠੇ ਹਨ।
ਇਹਨਾਂ ਮੀਟਿੰਗਾਂ ਵਿੱਚ ਦੋਹਾਂ ਪਿੰਡਾਂ ਦੇ ਸੀਨੀਅਰ ਅਕਾਲੀ ਆਗੂ, ਯੂਥ ਵਿੰਗ ਦੇ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਹੋਏ ਅਤੇ ਇਸ ਮੌਕੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।ਸ਼੍ਰੋਮਣੀ ਅਕਾਲੀ ਦਲ ਦੇ ਮਹਿਣਾ ਵਰਕਰ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਵੱਲੋਂ ਇਹਨਾਂ ਮੀਟਿੰਗਾਂ ਦਾ ਪਿੰਡ ਵਾਸੀਆਂ ਨਾਲ ਮਿਲ ਕੇ ਪ੍ਰਬੰਧ ਕੀਤਾ ਗਿਆ ਸੀ।ਪ੍ਰੈੱਸ ਨੂੰ ਇਹ ਜਾਣਕਾਰੀ ਜੱਥੇਦਾਰ ਤੋਤਾ ਸਿੰਘ ਦੇ ਸਿਆਸੀ ਸਕੱਤਰ ਰਾਜਿੰਦਰ ਸਿੰਘ ਡੱਲਾ ਨੇ ਦਿੱਤੀ।






