
ਮਾਨਸਾ, 11 ਅਗਸਤ – ਜ਼ਿਲ੍ਹੇ ਦੇ ਪਿੰਡ ਬਰੇ ਵਿਖੇ “ਤੀਆਂ ਦਾ ਤਿਉਹਾਰ” ਮੇਲਾ ਕਰਾ ਕੇ ਮਨਾਇਆ ਗਿਆ। ਮੇਲੇ ਦੌਰਾਨ ਪ੍ਰਭਜੋਤ ਕੌਰ ਡੀ ਐਸ ਪੀ ਬੁੱਢਲਾਡਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੇਲੇ ਦਾ ਆਯੋਜਨ ਪਿੰਡ ਦੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ, ਕਲੱਬ ਮੈਂਬਰਾਂ ਅਤੇ ਡਾਕਟਰ ਗੁਰਜੀਤ ਮਾਨ ਨਾਲ ਮਿਲ ਕੇ ਕੀਤਾ। ਮੇਲੇ ‘ਚ ਪੀਂਘਾਂ ਪਾਈਆਂ ਗਈਆਂ ਅਤੇ ਖੀਰ, ਪੂੜੇ ਅਤੇ ਗੁਲਗੁਲੇ ਸਾਰਿਆਂ ਲਈ ਬਣਾਏ ਗਏ। ਪਿੰਡ ਦੀਆਂ ਗਰੀਬ ਵਿਆਹੀਆਂ ਹੋਈਆਂ ਕੁੜੀਆਂ ਜਿਨ੍ਹਾਂ ਦੇ ਭਰਾ ਨਹੀਂ, ਉਨ੍ਹਾਂ ਨੂੰ ਕਰਨੈਲ ਸਿੰਘ ਗੋਪੂ ਦੀ ਕਮੇਟੀ ਵੱਲੋਂ ਸੰਧਾਰਾ ਦੇ ਨਵਾਜਿਆ ਗਿਆ। ਇਸ ਮੇਲੇ ਵਿੱਚ ਬਜ਼ੁਰਗਾਂ ਵੱਲੋਂ ਕੁੜਤੇ ਚਾਦਰੇ ਪਾਏ ਗਏ। ਮੇਲੇ ਵਿੱਚ ਸਰਪੰਚ ਜੱਜ ਸਿੰਘ , ਹਰੀ ਸਿੰਘ ਕਲੱਬ ਪ੍ਰਧਾਨ, ਜੀਓਜੀ ਯਾਦਵਿੰਦਰ ਸਿੰਘ ਤੋਂ ਇਲਾਵਾ ਥਾਣੇਦਾਰ ਬਲਵੰਤ ਸਿੰਘ ਭੀਖੀ ਅਤੇ ਗੁਰਮੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਖੂਬ ਨੱਚ ਕੇ ਆਪਣੇ ਮਨ ਨੂੰ ਖੁਸ਼ ਕੀਤਾ। ਪਿੰਡ ਦੇ ਸਾਰੇ ਹੀ ਮੋਹਤਬਰ ਬੰਦੇ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਡਾਕਟਰ, ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਵੀ ਖੂਬ ਮਨੋਰੰਜਨ ਕੀਤਾ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਜ਼ਰੂਰ ਮਨਾਉਣੇ ਚਾਹੀਦੇ ਹਨ ਤਾਂ ਜੋ ਅੱਜ ਦੀ ਪੀੜ੍ਹੀ ਪੁਰਾਣੇ ਰੀਤੀ ਰਿਵਾਜ਼ ਅਤੇ ਸਭਿਆਚਾਰ ਤੋਂ ਜਾਣੂ ਹੁੰਦੀ ਰਹੇ।






