
ਜਾਨਲੇਵਾ ਡੈਲਟਾ ਵੈਰੀਐਂਟ ਦੁਨੀਆ ਦੇ ਲਗਭਗ 132 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਜਿਸਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ। ਇਸ ਮਾਮਲੇ ਵਿੱਚ ਸੰਗਠਨ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਤੇਜ਼ੀ ਆ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । WHO ਅਨੁਸਾਰ ਪਿਛਲੇ ਹਫ਼ਤੇ ਪੂਰੀ ਦੁਨੀਆਂ ਵਿੱਚ ਕੋਰੋਨਾ ਦੇ 40 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਇਲਾਵਾ WHO ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਮਾਮਲੇ ਇਸੇ ਤਰ੍ਹਾਂ ਸਾਹਮਣੇ ਆਉਂਦੇ ਰਹੇ ਤਾਂ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਕੁੱਲ ਮਾਮਲੇ 20 ਕਰੋੜ ਨੂੰ ਪਾਰ ਕਰ ਜਾਣਗੇ ।ਦਰਅਸਲ, ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੁਨੀਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਅਸਲ ਮਾਮਲੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਨਾਲੋਂ ਬਹੁਤ ਜ਼ਿਆਦਾ ਹੋ ਸਕਦੇ ਹਨ ।





