
ਸ੍ਰੀ ਮੁਕਤਸਰ ਸਾਹਿਬ 30 ਜੁਲਾਈ (ਅਮਨੋਲ ਸਿੰਘ ਵਾਰਿੰਗ ) ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕੇ ’ਚ ਬੀਤੀ ਰਾਤ ਤੋਂ ਪੈ ਰਹੇ ਹਨ। ਮੀਂਹ ਕਾਰਨ ਮੁਕਤਸਰ ਦੇ ਕੋਟਕਪੂਰਾ ਰੋਡ ’ਤੇ ਸਥਿਤ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਿਕ ਇਕ ਔਰਤ ਜਖ਼ਮੀ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਰਜਬਾਹੇ ਨੇੜੇ ਸਥਿਤ ਇਕ ਘਰ ਦੀ ਮੀਂਹ ਕਾਰਨ ਛੱਤ ਡਿੱਗ ਪਈ ਤੇ ਕਮਰੇ ਅੰਦਰ ਪਿਆ ਮਹਾਂਵੀਰ ਪ੍ਰਸ਼ਾਦ ਤੇ ਉਸ ਦੀ ਪਤਨੀ ਨਿਰਮਲਾ ਦੇਵੀ ਮਲਬੇ ਥੱਲੇ ਦੱਬ ਗਏ। ਇਸ ਦੌਰਾਨ ਮਹਾਂਵੀਰ ਪ੍ਰਸ਼ਾਦ ਦੀ ਮੌਤ ਹੋ ਗਈ ਜਦਿਕ ਉਸ ਦੀ ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਵਿਅਕਤੀ ਦੇ ਬੇਟੇ ਰਿੰਕੂ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਦਾ ਹੀ ਮੀਂਹ ਪੈ ਰਿਹਾ ਸੀ ਤੇ ਵੀਰਵਾਰ ਸਵੇਰੇ ਕਰੀਬ 9 ਵਜੇ ਕਮਰੇ ਦੀ ਛੱਤ ਅਚਾਨਕ ਡਿੱਗ ਪਈ। ਉਸ ਨੇ ਦੱਸਿਆ ਕਿ ਉਸ ਸਮੇਂ ਕਮਰੇ ਅੰਦਰ ਉਸ ਦਾ ਪਿਤਾ ਮਹਾਂਵੀਰ ਪ੍ਰਸ਼ਾਦ ਤੇ ਮਾਤਾ ਨਿਰਮਲਾ ਦੇਵੀ ਸਨ, ਜੋ ਛੱਤ ਦੇ ਮਲਬੇ ਥੱਲੇ ਦਬ ਗਏ। ਰਿੰਕੂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਅਜੇ ਘਰੋਂ ਹੀ ਬਾਹਰ ਨਿਕਲਿਆ ਸੀ ਕਿ ਜਦ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਤਰ ਹੋ ਗਏ। ਉਸ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਉਸ ਨੇ ਆਪਣੇ ਮਾਤਾ-ਪਿਤਾ ਨੂੰ ਮਲਬੇ ਹੇਠੋਂ ਕੱਢਿਆ ਤੇ ਨਿੱਜੀ ਹਸਪਾਤਲ ’ਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਮਾਤਾ ਨਿਰਮਲਾ ਦੇਵੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦਾ ਇਲਾਜ ਚੱਲ ਰਿਹਾ ਹੈ। ਉਸਨੇ ਦੱਸਿਆ ਕਿ ਗਰੀਬੀ ਕਾਰਨ ਘਰ ’ਚ ਇਕ ਹੀ ਕਮਰਾ ਸੀ। ਕਮਰੇ ਦੀ ਛੱਤ ਡਿੱਗਣ ਕਾਰਨ ਜਿੱਥੇ ਉਸ ਦੇ ਪਿਤਾ ਇਸ ਦੁਨੀਆਂ ਤੋਂ ਚਲੇ ਗਏ ਉੱਥੇ ਹੀ ਉਸ ਦਾ ਕਮਰੇ ਅੰਦਰ ਪਿਆ ਟੀਵੀ, ਫ੍ਰਿਜ਼, ਬੈੱਡ ਤੇ ਹੋਰ ਘਰੇਲੂ ਸਾਮਾਨ ਵੀ ਨੁਕਸਾਨਿਆ ਗਿਆ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਮਾਤਾ ਦਾ ਇਲਾਜ ਸਰਕਾਰੀ ਖਰਚੇ ’ਤੇ ਕਰਵਾਇਆ ਜਾਵੇ ਤੇ ਉਸ ਨੂੰ ਮਕਾਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਸ ਨੂੰ ਭਵਿੱਖ ’ਚ ਥੋੜ੍ਹੀ ਰਾਹਤ ਮਿਲ ਸਕੇ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਮੀਂਹ ਕਾਰਨ ਸ਼ਹਿਰ ਦੇ ਥਾਣਾ ਸਿਟੀ ਦੀ ਕੰਧ ਡਿੱਗਣ ਕਾਰਨ ਅਨਵਰ ਅਲੀ ਨਾਂ ਦੇ ਵਿਅਕਤੀ ਦੀ ਮਲਬੇ ਥੱਲੇ ਆਉਣ ਕਾਰਨ ਮੌਤ ਹੋ ਗਈ ਸੀ। ਜਦਿਕ ਉੱਥੇ ਤਿੰਨ ਨੌਜਵਾਨ ਜਖ਼ਮੀ ਹੋ ਗਏ ਸਨ।





